ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਿੰਮਤ ਦੀ ਥਾਂ ਜਿਹੜੇ ਹਾਉਕੇ ਭਰਦੇ ਜੀ।
ਓਹੀ ਲੋਕੀਂ ਮੌਤੋਂ ਪਹਿਲਾਂ ਮਰਦੇ ਜੀ।

ਬਦਇਖ਼ਲਾਕੇ ਨਾਲ ਯਾਰਾਨਾ ਕਿਉਂ ਰੱਖੀਏ,
ਮੈਂ ਸੁਣਿਆ ਪਰਛਾਵੇਂ ਗੱਲਾਂ ਕਰਦੇ ਜੀ।

ਕੱਚੇ ਘਰ ਦੀ ਥੰਮੀ ਕਿਹੜਾ ਬਣਦਾ ਹੈ,
ਮਹਿਲਾਂ ਦੀ ਰਖਵਾਲੀ ਸਾਰੇ ਕਰਦੇ ਜੀ।

ਜਕੜੀ ਬੈਠਾ ਤੰਦੂਆ ਜਿਉਂਦੇ ਲੋਕਾਂ ਨੂੰ,
ਚੋਰਾਂ ਨੂੰ ਵੀ ਚੋਰ ਕਹਿਣ ਤੋਂ ਡਰਦੇ ਜੀ।

ਨੱਕ ਰਗੜਦੈਂ, ਦਾਨੀ ਬਣਦੈਂ, ਭੁੱਲੀਂ ਨਾਂਹ,
ਚੋਰ ਮਨਾਂ ਦੇ ਏਦਾਂ ਕਿੱਥੇ ਮਰਦੇ ਜੀ।

ਘਰ ਪਹੁੰਚਣ ਤੱਕ ਇੱਕ ਵੀ ਚੇਤੇ ਰਹਿੰਦੀ ਨਾ,
ਸਿਵਿਆਂ ਅੰਦਰ ਲੋਕ ਜੋ ਗੱਲਾਂ ਕਰਦੇ ਜੀ।

ਰੂਹ ਨੂੰ ਕਰਨ ਹਲਾਲ ਜੀਭ ਦੀ ਨਸ਼ਤਰ ਨਾਲ,
ਪਤਾ ਨਹੀਂ ਕਿਉਂ ਲੋਕੀਂ ਏਦਾਂ ਕਰਦੇ ਜੀ।

*

ਗੁਲਨਾਰ-17