ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਣੋ ਸੁਣਾਵਾਂ ਬੋਲ ਜੋ ਪੁਰਖੇ ਕਹਿ ਗਏ ਨੇ।
ਗ਼ਰਜ਼ਾਂ ਲਈ ਕਿਉਂ ਬੰਦੇ ਨਿੱਕੇ ਰਹਿ ਗਏ ਨੇ।

ਸਖ਼ਤ ਵਿਗੋਚਾ ਅੰਬਰ ਨੂੰ ਇਸ ਗੱਲ ਦਾ ਹੈ,
ਉੱਡਦੇ ਉੱਡਦੇ ਪੰਛੀ ਹੁਣ ਕਿਉਂ ਬਹਿ ਗਏ ਨੇ।

ਤੇਰੇ ਇਕ ਵਿਸ਼ਵਾਸ ਸਹਾਰੇ ਤੁਰਿਆਂ ਹਾਂ,
ਦੋਚਿੱਤੀ ਦੇ ਪੈਂਖੜ ਪੈਰੋਂ ਲਹਿ ਗਏ ਨੇ।

ਕੰਪਿਊਟਰ ਦੀ ਹੁਕਮ ਅਦੂਲੀ ਕਿਸ ਕੀਤੀ,
ਘੁੰਮਦੇ ਪਹੀਏ ਚੱਲਦੇ ਲੀਹੋਂ ਲਹਿ ਗਏ ਨੇ।

ਲੋਕ ਰਾਜ ਦੀ ਲਾੜੀ ਲੈ ਗਏ ਥੈਲੀਸ਼ਾਹ,
ਅਕਲਾਂ ਵਾਲੇ ਹਾਉਕੇ ਭਰਦੇ ਰਹਿ ਗਏ ਨੇ।

ਸਾਡੀ ਅੱਧ ਅਸਮਾਨੇ ਗੁੱਡੀ ਬੋਅ ਹੋਈ,
ਜ਼ਖ਼ਮੀ ਹੱਥ ਵਿਚ ਡੋਰ ਚਰਖ਼ੜੀ ਰਹਿ ਗਏ ਨੇ।

ਸੜਕਾਂ ਕੰਢੇ ਰੁੱਖ ਹਰਿਆਲੇ ਕਿੱਧਰ ਗਏ,
ਮੁੱਢ ਵਿਚਾਰੇ ਕੱਲ-ਮ-ਕੱਲ੍ਹੇ ਰਹਿ ਗਏ ਨੇ।

*

ਗੁਲਨਾਰ- 18