ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰੇ ਕੋਲ ਕਿਤਾਬ ਪਈ ਹੈ, ਕਿਉਂ ਨਹੀਂ ਫ਼ੜ੍ਹਦਾ।
ਜਬਰ ਜ਼ੁਲਮ ਜੋ ਕੰਧ ਤੇ ਲਿਖਿਐ, ਕਿਉਂ ਨਹੀਂ ਪੜ੍ਹਦਾ।

ਪੜ੍ਹ ਪੜ੍ਹ ਗੱਡੇ ਲੱਦ ਲਏ, ਪਾਠ ਪੁਸਤਕਾਂ ਵਾਲੇ,
ਸੂਰਜਵੰਸ਼ੀ ਪੁੱਤ ਨੇਹ੍ਹ ਸੰਗ ਕਿਉਂ ਨਹੀਂ ਲੜਦਾ।

ਸਾਨੂੰ ਸੱਜਣਾਂ ਤੈਥੋਂ ਇਸ ਦੀ ਆਸ ਨਹੀਂ ਸੀ,
ਸੂਰਜ ਹੈਂ ਤੂੰ, ਧਰਤੀ ਉੱਤੇ ਕਿਉਂ ਨਹੀਂ ਚੜ੍ਹਦਾ।

ਬਣ ਬਣ ਬਹਿਨੈਂ, ਧਰਮੀ ਪੁੱਤ ਯੁਧਿਸ਼ਟਰ ਵਾਂਗੂੰ,
ਹੱਕ ਸੱਚ ਇਨਸਾਫ਼ ਦੀ ਖ਼ਾਤਰ ਕਿਉਂ ਨਹੀਂ ਅੜਦਾ।

ਅੰਬਰੋਂ ਤਾਰੇ ਤੋੜਨ, ਕੂੜ ਸਿਆਸਤ ਵਾਲੇ,
ਖ਼ਾਲੀ ਥਾਂ ਤੂੰ ਚੰਦ ਸਿਤਾਰੇ ਕਿਉਂ ਨਹੀਂ ਜੁੜਦਾ।

ਤੁਰੇ ਖ਼ਰੀਦਣ ਝੁੱਗੀਆਂ ਢਾਰੇ ਸਭ ਵਣਜਾਰੇ,
ਨੀਵੀਂ ਥਾਂ ਤੇ ਮਾਰ ਕਰੇ ਜਿਉਂ ਪਾਣੀ ਹੜ੍ਹ ਦਾ।

ਸ਼ਹਿਰਾਂ ਤੋਂ ਤਾਂ ਰਾਜਧਾਨੀਆਂ ਚਹੁੰ ਕਦਮਾਂ ਤੇ,
ਪਿੰਡਾਂ ਤੋਂ ਹੀ ਦੂਰ ਸਫ਼ਰ ਹੈ ਚੰਡੀਗੜ੍ਹ ਦਾ।

ਬਿਰਖ਼ ਘਣੇ ਹਰਿਆਲੇ ਬਾਬੇ ਕਿੱਧਰ ਤੁਰ ਗਏ,
ਧਰਤੀ ਮਾਂ ਦਾ ਪਾਰਾ ਤਾਹੀਉਂ ਜਾਵੇ ਚੜ੍ਹਦਾ।

ਕਿਉਂ ਨਹੀਂ ਬਣਦਾ, ਮੈਂ ਤੇਰੀ ਤੂੰ ਮੇਰੀ ਸ਼ਕਤੀ
ਚੁੱਕਣਾ ਦੇ ਵਿਚ ਆ ਕੇ ਰਹੇਂ ਬਹਾਨੇ ਘੜਦਾ।

ਜਿਸ ਬੂਟੇ ਦੀ ਜੜ੍ਹ ਨੂੰ ਮਿੱਟੀ ਤਾਕਤ ਦੇਵੇ,
ਸੁਪਨੇ ਵਿੱਚ ਵੀ ਉਸ ਦਾ ਬੂਰ ਕਦੇ ਨਹੀਂ ਝੜਦਾ।

*

ਗੁਲਨਾਰ- 20