ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਨਸਰਾਂ ਤੋਂ ਉੱਡ ਕੇ ਆਉਂਦੀ ਵੇਖੀ ਜਦ ਮੁਰਗਾਈ।
ਸੱਚ ਜਾਣੀਂ ਉਸ ਵੇਲੇ, ਤੇਰੀ ਯਾਦ ਬੜੀ ਹੀ ਆਈ।

ਜਾਪੇ ਤੂੰ ਹੀ ਪੋਲੇ ਕਦਮੀਂ ਪਹਿਨ ਮੋਤੀਆ ਬਾਣਾ,
ਮੇਰੇ ਵੱਲ ਨੂੰ ਤੁਰਦੀ ਤੁਰਦੀ ਹੁਣ ਆਈ ਕਿ ਆਈ।

ਕਿੰਨੇ ਸਬਕ ਅਧੂਰੇ ਛੱਡ ਕੇ, ਤੁਰ ਗਈ ਦੇਸ ਦੁਰਾਡੇ,
ਤੇਰੇ ਮਗਰੋਂ ਫਿਰੇ ਗੁਆਚੀ, ਧਰਤੀ ਮੋਹ ਤ੍ਰਿਹਾਈ।

ਦਿਨ ਲੰਘ ਜਾਵੇ, ਗੱਲੀਂ ਬਾਤੀਂ, ਰਾਤਾਂ ਗਿਣ ਗਿਣ ਤਾਰੇ,
ਤਪਦੀ ਅਉਧ ਬੈਰਾਗਣ ਤੁਧ ਬਿਨ, ਪੁੱਛ ਮੈਂ ਕਿੰਜ ਲੰਘਾਈ।

ਵਗਦੀ ਪੌਣ, ਖਿੜੇ ਫੁੱਲ ਪੱਤੀਆਂ, ਖੁਸ਼ਬੋਈਆਂ 'ਚੋਂ ਭਾਲਾਂ,
ਸਰਗਮ, ਤਾਲ, ਅਲਾਪ, ਨਿਰੰਤਰ ਰੱਖਦਾਂ ਨਜ਼ਰ ਟਿਕਾਈ।

ਅੰਬਰੋਂ ਟੁੱਟ ਗਏ ਤਾਰੇ ਜਿਹੜੇ, ਧਰਤੀ ਤੇ ਨਾ ਪਹੁੰਚੇ,
ਦਿਲ ਦੀ ਨਰਮ ਸਲੇਟ ਤੇ ਗੂੜ੍ਹੀ ਲੀਕ ਜਹੀ ਕਿਉਂ ਪਾਈ।

ਤਾਰਿਆਂ ਵੇਲੇ ਰੋਜ਼ ਉਡੀਕਾਂ, ਆ ਜਾ ਮਿਲ ਜਾਹ ਰੂਹੇ,
ਅਣਲੱਗ ਵਸਤਰ, ਕੋਰੇ, ਸੁੱਚੇ, ਦਿਲ ਦੀ ਸੇਜ ਵਿਛਾਈ।

*

ਗੁਲਨਾਰ-21