ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਜਿਸਮਾਂ ਦੀ ਹੱਦ ਤੋਂ ਅੱਗੇ ਜਾ ਨਹੀਂ ਸਕਿਆ।
ਤਾਹੀਉਂ ਦਿਲ ਦਾ ਭੇਤ ਅਜੇ ਤੱਕ ਪਾ ਨਹੀਂ ਸਕਿਆ।

ਆਦਮ ਜ਼ਾਤ ਅਜ਼ਲ ਤੋਂ ਡਿੱਗੇ ਸੇਬ ਨੂੰ ਲੱਭਦੀ,
ਇੱਕ ਵੀ ਬੰਦਾ ਉਸ ਨੂੰ ਹੁਣ ਤੱਕ ਖਾ ਨਹੀਂ ਸਕਿਆ।

ਜ਼ਿੰਦਗੀ ਤੇਰਾ ਭੇਤ ਸਮਝਦੇ, ਆਹ ਦਿਨ ਆਏ,
ਇੱਕ ਵੀ ਨੁਕਤਾ ਸਮਝ ਮੇਰੀ ਵਿਚ ਆ ਨਹੀਂ ਸਕਿਆ।

ਕਲਵਲ ਵਗਦਾ ਨੀਰ ਬਣਾਵੇ ਜਿਹੜੀ ਸਰਗਮ,
ਧਰਤੀ ਦਾ ਕੋਈ ਜੀਵ ਅਜੇ ਤਕ ਗਾ ਨਹੀਂ ਸਕਿਆ।

ਮੈਂ ਤਾਂ ਆਪਣੀ ਵਲਗਣ ਅੰਦਰ ਕੈਦ ਰਿਹਾ ਹਾਂ,
ਤਾਹੀਉਂ ਤੇਰੀ ਰੂਹ ਅੰਦਰ ਮੈਂ ਆ ਨਹੀਂ ਸਕਿਆ।

ਫ਼ਰਜ਼ਾਂ ਦੀ ਥਾਂ ਗਰਜ਼ਾਂ ਦਾ ਮੈਂ ਕੈਦੀ ਬਣਿਆਂ,
ਜ਼ਹਿਰ ਪਿਆਲਾ ਤਾਹੀਉਂ ਹੋਠੀਂ ਲਾ ਨਹੀਂ ਸਕਿਆ।

*

ਗੁਲਨਾਰ- 22