ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੌਂਕੀਦਾਰ ਆਵਾਜ਼ਾ ਦੇ ਗਿਆ, ਜਾਗੋ ਲੋਕੋ ਜਾਗੋ।
ਅਪਣਾ ਅਪਣਾ ਮਾਲ ਸੰਭਾਲੋ, ਗੂੜ੍ਹੀ ਨੀਂਦ ਤਿਆਗੋ।

ਇੱਜ਼ਤ ਪੱਤ ਦੀ ਰਾਖੀ ਹੁਣ ਮੈਂ ਕਿੱਦਾਂ ਕਰ ਲਾਂ ਕੱਲ੍ਹਾ,
ਸਭ ਮੋੜਾਂ ਤੇ ਵੰਨ ਸੁਵੰਨੇ ਚੋਰ ਤੇ ਡਾਕੂ ਲਾਗੋ।

ਆਲ੍ਹਣਿਆਂ ਵਿਚ ਆਣ ਵੜੇ ਹੁਣ, ਕੈਸੇ ਮਾਨਸ ਖਾਣੇ,
ਆਪੋ ਅਪਣੀ ਰਾਖ਼ੀ ਕਰ ਲਉ, ਚਿੜੀਉ, ਹੰਸੋ, ਕਾਗੋ।

ਅੰਦਰੋਂ ਬਾਹਰੋਂ ਲੱਗਾ ਖੋਰਾ, ਕਿਉਂ ਨਹੀਂ ਕਰਦੇ ਝੋਰਾ,
ਤੁਧ ਬਿਨ ਕੌਣ ਕਰੂ ਰਖਵਾਲੀ, ਘਰ ਦੀ, ਵੱਡਿਉ ਘਾਗੋ।

ਧਰਤੀ ਨੂੰ ਸਰਸਾਮ, ਹਵਾ ਨੂੰ ਦੰਦਲ, ਪਾਣੀ ਜ਼ਹਿਰੀ,
ਕੌਣ ਸੁਣੇਗਾ ਚੀਕ ਤੁਹਾਡੀ, ਜਦ ਆਖੋਗੇ ਭਾਗੋ।

ਜਿਸ ਕੁਰਸੀ ਤੇ ਜਿਹੜਾ ਮਰਜ਼ੀ, ਹਾਕਮ ਹੁਕਮ ਬਿਠਾਉ,
ਪੰਜ ਸਦੀਆਂ ਵਿਚ ਚਾਤਰ ਕਿੰਨੇ ਹੋ ਗਏ ਸੱਜਣ ਠਾਗੋ।

ਕਾਮ ਕਰੋਧੀ, ਮੋਹ ਦੇ ਲੋਭੀ, ਹਰ ਜਨ ਹੀ ਹੰਕਾਰੀ,
ਬਾਬਾ ਪੁੱਛੇ, ਕਿੱਥੇ ਲੁਕ ਗਏ, ਰੂਹ ਦੇ ਸੁੱਚਿਉ ਰਾਗੋ।

*

ਗੁਲਨਾਰ- 24