ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਧੀਆਂ ਸਿਰ ਫੁਲਕਾਰੀ ਅੱਜ ਵੀ ਓਨੀ ਸੂਹੀ ਰੱਤੀ।
ਪਰ ਰਾਹਾਂ ਵਿਚ ਗੂੜ੍ਹ ਹਨ੍ਹੇਰੇ, ਨਾ ਦੀਵਾ ਨਾ ਬੱਤੀ।

ਆਸ ਦੇ ਸੂਰਜ ਖ਼ੁਰਦੇ ਖ਼ੁਰ ਗਏ, ਭੁਰ ਗਏ ਕੰਢੇ ਸਾਰੇ,
ਗਿੜਿਆ ਗੇੜ ਸਮੇਂ ਦਾ, ਪਰ ਨਾ ਆਈ, ਫ਼ਰਵਰੀ ਕੱਤੀ।

ਨਰਮਾ ਬੀਜ, ਚੁਗਣ ਦੇ ਮਗਰੋਂ, ਵੇਲ, ਪਿੰਜਾ ਲੈ ਰੂੰਆਂ,
ਵਸਤਰਹੀਣ ਰਹੇਂਗੀ ਜਿੰਦੇ, ਜੇ ਨਾ ਪੂਣੀ ਕੱਤੀ।

ਭਰਮ ਜਿਹਾ ਸੀ, ਮਿਲ ਜਾਵੇਗਾ, ਜੋ ਕੁਝ ਵੀ ਮੈਂ ਮੰਗੂੰਂ
ਮੇਰੇ ਮੂੰਹ ਵਿਚ ਦੰਦ ਸਲਾਮਤ, ਪੂਰ-ਮ-ਪੂਰੇ ਬੱਤੀ।

ਇਸ ਮਿੱਟੀ ਨੂੰ ਛੱਡ ਕੇ ਨਾ ਜਾਹ, ਨਾ ਜਾਹ ਬਾਰ ਪਰਾਏ,
ਬੰਜਰ ਹੋ ਜੂ ਤੇਰੇ ਮਗਰੋਂ ਧਰਤੀ ਅਣਖ਼ਾਂ ਮੱਤੀ।

ਕੀਹਦੇ ਕੋਲ ਸ਼ਿਕਾਇਤ ਕਰਾਂ ਤੇ ਰੋਵਾਂ ਕਿੱਥੇ ਜਾ ਕੇ,
ਹਰ ਕੁਰਸੀ ਦੀ ਨਾਲ ਲੁਟੇਰੇ, ਹਰ ਥਾਂ ਹਿੱਸਾ-ਪੱਤੀ।

ਆਮ ਸਧਾਰਨ ਬੰਦਿਆ, ਵੇਖੀਂ, ਖਾਣ ਪੀਣ ਤੋਂ ਪਹਿਲਾਂ,
ਰਾਜ ਘਰਾਂ ਨੇ ਨੀਤ-ਪਰਖ਼ ਲਈ ਧਰੇ ਪਦਾਰਥ ਛੱਤੀ।

*

ਗੁਲਨਾਰ- 25