ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਲ ਵਿਚ ਸਾਨੂੰ ਇਹ ਫਸਾਉਣ ਵਾਲੇ ਨੇ।
ਮਾਛੀਆਂ ਦੇ ਚੰਗੇ ਦਿਨ ਆਉਣ ਵਾਲੇ ਨੇ।

ਹੱਟੀ ਵਿਚ ਮਾਲ ਨਾ ਸਮਾਨ ਕੰਮ ਦਾ,
ਹੋਕੇ ਵੇਖ ਕਿੰਨੇ ਭਰਮਾਉਣ ਵਾਲੇ ਨੇ।

ਫ਼ਸਲਾਂ, ਸੰਭਾਲੋ, ਵੀਰੋ, ਖੇਤਾਂ ਵਾਲਿਉ,
ਮੰਡੀ 'ਚ ਵਪਾਰੀ ਬੋਲੀ ਲਾਉਣ ਵਾਲੇ ਨੇ।

ਘਰ ਬਾਰ ਜਿਹੜੇ ਚੌਂਕੀਦਾਰਾਂ ਲੁੱਟਿਆ,
'ਜਾਗਦੇ ਰਹੋਂ' ਇਹੀ ਜੋ ਸਣਾਉਣ ਵਾਲੇ ਨੇ।

ਚਾਰ ਕੁ ਜਮਾਤਾਂ ਪਾਸ ਵੰਡੇ ਅਕਲਾਂ,
ਚਿਹਰੇ ਵੇਖੋ ਕਿੰਨੇ ਭਰਮਾਉਣ ਵਾਲੇ ਨੇ।

ਲੋਕਾਂ ਦੀ ਕਚਹਿਰੀ ਜਿਹੜੇ ਫ਼ੇਲ ਹੋ ਗਏ,
ਓਹੀ ਸਾਨੂੰ ਹੁਕਮ ਸੁਣਾਉਣ ਵਾਲੇ ਨੇ।

ਦਿਲ ਦੀ ਅਯੁੱਧਿਆ, ਉਦਾਸ ਤੇਰੇ ਬਾਝ,
ਹਰ ਵਰ੍ਹੇ ਕਹੇਂ, 'ਰਾਮ' ਆਉਣ ਵਾਲੇ ਨੇ।

*

ਗੁਲਨਾਰ- 26