ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੁਰ ਰਿਹੈ, ਬਸ ਤੁਰ ਰਿਹੈ, ਮੇਰੇ ਬਰਾਬਰ ਦੋਸਤੋ,
ਜ਼ਖ਼ਮ ਦਿਲ ਦਾ ਬਣ ਗਿਆ ਹੈ ਮੇਰਾ ਰਹਿਬਰ ਦੋਸਤੋ।

ਮੈਂ ਨਹੀਂ ਡਰਦਾ ਕਦੇ ਵੀ ਤੇਜ਼ ਤਿੱਖੇ ਤੀਰ ਤੋਂ,
ਜਿਸਮ ਦੇ ਹਰ ਰੋਮ ਵਿਚ, ਪਹਿਲਾਂ ਹੀ ਨਸ਼ਤਰ ਦੋਸਤੋ।

ਏਸ ਦਾ ਨਾ ਜੋੜਿਉ, ਰਿਸ਼ਤਾ ਕਿਸੇ ਵੀ ਪੀੜ ਨਾਲ,
ਅੱਥਰੂ ਤਾਂ ਅੱਖ 'ਚੋਂ ਵਹਿੰਦੈ ਨਿਰੰਤਰ ਦੋਸਤੋ।

ਦੋਸਤਾਂ ਦੀ ਦੋਸਤੀ ਦੇ ਜ਼ਖ਼ਮ ਵੀ ਮੈਨੂੰ ਅਜ਼ੀਜ਼,
ਜਾਣਦੇ ਮੈਨੂੰ ਤਾਂ ਇਹ ਮੇਰੇ ਤੋਂ ਬਿਹਤਰ ਦੋਸਤੋ।

ਜ਼ਿੰਦਗੀ ਪੱਤਝੜ 'ਚ ਸੁੰਨੀ ਟਾਹਣ ਜਿਉਂ ਖਾਮੋਸ਼ ਹੈ,
ਫੁੱਲ, ਫ਼ਲ, ਪੱਤਹਾਰ ਮਗਰੋਂ ਹੁੰਦੈ ਅਕਸਰ ਦੋਸਤੋ।

ਟੁੱਟ ਜਾਵੇ ਤੰਦ ਉਹ, ਜੁੜ ਜਾਏ ਕਿਧਰੇ ਹੋਰ ਹੀ,
ਸੁਪਨਿਆਂ ਵਿਚ ਇਸ ਤਰ੍ਹਾਂ, ਹੁੰਦਾ ਏ ਅਕਸਰ ਦੋਸਤੋ।

ਮਿਹਰਬਾਨੋ, ਕਦਰਦਾਨੋ, ਇਹ ਮੁਹੱਬਤ ਦਾ ਕਮਾਲ,
ਬਣ ਗਿਆ ਹਾਂ ਮੈਂ ਜੋ ਇਹ ਕਤਰੇ ਤੋਂ ਸਾਗਰ ਦੋਸਤੋ।

*

ਗੁਲਨਾਰ-29