ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਨ੍ਹੇਰੀ ਰਾਤ ਅੰਦਰ ਵਸਤ ਦਾ ਸਾਇਆ ਨਹੀਂ ਹੁੰਦਾ।
ਇਹਦਾ ਇਹ ਅਰਥ ਤਾਂ ਨਹੀਂ, ਓਸਦਾ ਚਿਹਰਾ ਨਹੀਂ ਹੁੰਦਾ।

ਇਹ ਕੈਸੀ ਤਿਸ਼ਨਗੀ ਲੈ ਕੇ, ਥਲਾਂ ਵਿੱਚ ਪੌਣ ਹੈ ਫਿਰਦੀ,
ਕਿਸੇ ਡਾਚੀ ਦਾ ਇੱਕੋ ਥਾਂ ਕਦੇ ਠਹਿਰਾਅ ਨਹੀਂ ਹੁੰਦਾ।

ਮੁਸੀਬਤ ਧਰਮ ਤੇ ਇਖ਼ਲਾਕ ਦੀ ਹੀ ਪਰਖ਼ ਹੈ ਕਰਦੀ,
ਸਦਾ ਇਕਸਾਰ ਪਾਣੀ ਤੁਰ ਰਿਹਾ, ਦਰਿਆ ਨਹੀਂ ਹੁੰਦਾ।

ਮੈਂ ਆਪਣੇ ਆਪ ਨੂੰ ਜਦ ਫ਼ਾਸਲੇ ਤੋਂ ਵੇਖਣਾ ਚਾਹੁੰਨਾਂ,
ਕਿਸੇ ਸ਼ੀਸ਼ੇ 'ਚ ਮੇਰਾ ਅਕਸ ਵੀ 'ਮੇਰਾ' ਨਹੀਂ ਹੁੰਦਾ।

ਮੈਂ ਸ਼ਬਦਾਂ ਦੇ ਚਿਰਾਗਾਂ ਨੂੰ ਹਮੇਸ਼ਾਂ ਬਾਲਦਾ ਰਹਿੰਦਾਂ,
ਮੇਰੇ ਰਾਹਾਂ 'ਚ ਨੇਰ੍ਹੇ ਦਾ ਤਦੇ ਪਹਿਰਾ ਨਹੀਂ ਹੁੰਦਾ।

ਹਕੂਮਤ ਜਬਰ ਕਰਕੇ 'ਸਾਬਰਾਂ' ਦੀ ਸਿਰਜਣਾ ਕਰਦੀ,
ਕਦੇ ਵੀ ਸੂਰਮੇ ਸਿਰ 'ਮੁੱਲ ਦਾ ਸਿਹਰਾ' ਨਹੀਂ ਹੁੰਦਾ।

ਮੈਂ ਬੀਤੇ ਵਕਤ ਨੂੰ ਫੜਨਾ ਵੀ ਚਾਹਵਾਂ, ਫੜ ਨਹੀਂ ਸਕਦਾ,
ਹਵਾ ਦਾ, ਮਹਿਕ ਦਾ ਜਿਸਮਾਂ ਜਿਹਾ ਪਰਦਾ ਨਹੀਂ ਹੁੰਦਾ।

*

ਗੁਲਨਾਰ- 32