ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੂਰਜ ਚੜ੍ਹਿਆ ਥੱਕਿਆ ਥੱਕਿਆ, ਬਦਰੰਗ ਜਹੀ ਸਵੇਰ ਕਿਉਂ ਹੈ।
ਊੜਾ, ਜੂੜਾ ਪੁੱਛਣ, ਦੋਵੇਂ ਅੱਖੀਆਂ ਅੱਗੇ ਨੇਰ੍ਹੇ ਕਿਉਂ ਹੈ?

ਕਿਰਨ ਮ ਕਿਰਨੀ ਟੁੱਟਦੇ ਤਾਰੇ, ਸਾਹ ਵੀ ਹੋ ਗਏ ਬੇਇਤਬਾਰੇ,
ਦੀਨ ਦੁਖੀ ਦੀ ਰਾਖੀ ਖ਼ਾਤਰ, ਸ਼ੁਭ ਕਰਮਨ ਵਿਚ ਦੇਰ ਕਿਉਂ ਹੈ?

ਇਹ ਕੀ ਹੋਇਆ ਸਿਖ਼ਰ ਦੁਪਹਿਰੇ, ਲੱਗ ਗਏ ਨੇ ਕੁੱਖਾਂ ਤੇ ਪਹਿਰੇ,
ਕੁੜੀਆਂ ਚਿੜੀਆਂ, ਖੌਫ਼ ਜ਼ਦਾ ਨੇ, ਏਨਾ ਗੂੜ੍ਹ ਹਨ੍ਹੇਰ ਕਿਉਂ ਹੈ?

ਹੋ ਜਾਗਦੇ ਰੱਟਦੇ ਰੱਟਦੇ, ਮਰ ਚੱਲੇ ਜਗਰਾਤੇ ਕੱਟਦੇ,
ਪਹਿਰੇਦਾਰੋ, ਇਹ ਤਾਂ ਦੱਸੋ, ਜ਼ਾਲਮ ਹੋਇਆ ਸ਼ੇਰ ਕਿਉਂ ਹੈ?

ਰਾਹਾਂ ਵਿਚ ਗੁਆਚੇ ਪਾਂਧੀ, ਗਿਆਨ ਦੀ ਆਂਧੀ ਵਗਦੀ ਕੈਸੀ,
ਭਗਤ ਧਰੂ ਤਾਰਾ ਨਹੀਂ ਦਿਸਦਾ, ਫਿਰ ਵੀ ਉਸ ਤੇ ਮੇਰ ਕਿਉਂ ਹੈ?

ਦਹਿਸ਼ਤ ਜਿੱਸਰਾਂ ਸਿਵਿਆਂ ਅੰਦਰ, ਕੁਰਬਲ ਕੁਰਬਲ ਮਨ ਦੇ ਮੰਦਰ
ਅਜਬ ਤਰ੍ਹਾਂ ਦਾ ਤਾਂਡਵ ਹੁੰਦਾ, ਮੇਰੇ ਚਾਰ ਚੁਫ਼ੇਰ ਕਿਉਂ ਹੈ?

ਤੂੰ ਸੀ ਧਰਮੀ ਕਰਮੀ ਬੰਦਾ, ਇਹ ਤੂੰ ਕਿਹੜਾ ਫੜ ਲਿਆ ਧੰਦਾ,
ਤੇਰੀ ਬਸਤੀ ਦਾ ਸਿਰਨਾਵਾਂ, ਅੱਜਕੱਲ੍ਹ ਸ਼ਹਿਰ ਲੁਟੇਰ ਕਿਉਂ ਹੈ?

*

ਗੁਲਨਾਰ- 33