ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਿਰ ਤੇ ਸੂਰਜ ਹੁੰਦਿਆਂ ਸੁੰਦਿਆਂ ਸਿਖ਼ਰ ਦੁਪਹਿਰ ਹਨ੍ਹੇਰ ਕਿਉਂ ਬਈ।
ਦੇਸ ਪੰਜਾਬ 'ਚ, ਮਨ ਦੇ ਵਿਹੜੇ, ਏਨੇ ਘੁੰਮਣ ਘੇਰ ਕਿਉਂ ਬਈ।

ਨੂਠਾ ਅਤੇ ਕਨਾਲੀ ਸੁੰਨੇ, ਤਵਾ, ਚੰਗੇਰ, ਪਰਾਤ ਵੀ ਖ਼ਾਲੀ,
ਸਾਡੇ ਲਈ ਤਾਂ ਫਿੱਕੀਆਂ ਈਦਾਂ, ਵੱਜੀ ਜਾਂਦੀ ਭੇਰ ਕਿਉਂ ਬਈ।

ਰੋਂਦਿਆਂ ਨੂੰ ਨਾ ਚੁੱਪ ਕਰਾਵੇ, ਚੁੱਕ ਨਾ ਕੋਈ ਸੀਨੇ ਲਾਵੇ,
ਨਿੱਕੇ ਨਿੱਕੇ ਮਾਸੂਮਾਂ ਗਲ, ਅਟਕੀ ਹੋਈ ਲੇਰ ਕਿਉਂ ਬਈ।

'ਬੋਲੀ ਅਵਰ ਤੁਮ੍ਹਾਰੀ' ਹੋ ਗਈ, ਹਰ ਅੱਖ ਅੱਥਰੂ ਅੱਥਰੂ ਗਈ,
ਬਾਬਰ ਵਾਲਾ ਜਾਬਰ ਹੱਲਾ, ਖ਼ੁਰਾਸਾਨ ਤੋਂ ਫੇਰ ਕਿਉਂ ਬਈ।

ਸੜਦਾ ਰੋਮ, ਵਜਾਵੇ ਬੰਸੀ ਨੀਰੋ ਨੂੰ ਤਾਂ ਨਿੰਦੀ ਜਾਈਏ,
ਸਾਡੇ ਘਰ ਕੀਹ ਖਿਚੜੀ ਪੱਕਦੀ ਸੁਣ ਨਾ ਪੈਂਦੀ ਘੇਰ ਕਿਉਂ ਬਈ।

ਏਸੇ ਘਰ ਦਾ ਅੱਜ ਵੀ ਜੀਅ ਹੈ, ਸੀਤਾ ਵੀ ਧਰਤੀ ਦੀ ਧੀ ਹੈ,
ਹਰ ਯੁਗ ਅੰਦਰ ਲਛਮਣ-ਰੇਖਾ, ਉਸਦੇ ਚਾਰ ਚੁਫ਼ੇਰ ਕਿਉਂ ਬਈ।

ਅਬਦਾਲੀ ਹੁਣ ਸੱਦਿਆਂ ਆਇਆ ਵਣਜ ਵਪਾਰੀ ਨਾਲ ਲਿਆਇਆ,
ਫਿਰ ਕਿਉਂ ਪੁੱਛੋ, ਸਾਡੇ ਘਰ ਵਿਚ, ਓਪਰਿਆਂ ਦੀ ਮੇਰ ਕਿਉਂ ਬਈ।

*

ਗੁਲਨਾਰ- 34