ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਾਨਿਸ਼ਵਰ ਲਈ ਮੁਕਤੀਦਾਤਾ, ਮਿੱਟੀ ਦਾ ਭਗਵਾਨ ਨਹੀਂ ਹੈ।
ਏਨੀ ਗੱਲ ਸਮਝਾਉਣੀ ਦਿਲ ਨੂੰ, ਏਨੀ ਸਹਿਲ ਆਸਾਨ ਨਹੀਂ ਹੈ।

ਇਕ ਬਾਲੜੀ, ਮਾਂ ਦੀ ਮੂਰਤ, ਮਿੱਟੀ ਉੱਤੇ ਵਾਹ ਕੇ ਸੌਂ ਗਈ,
ਸੱਚ ਪੁੱਛੋ ਤਾਂ ਇਸ ਤੋਂ ਉੱਤੇ ਰਿਸ਼ਤੇ ਦਾ ਸਨਮਾਨ ਨਹੀਂ ਹੈ।

ਕੌਣ ਅਨਾਥ ਕਹੇਗਾ ਇਸਨੂੰ, ਇਹ ਨਾਥਾਂ ਦੀ ਸਿਰਜਣਹਾਰੀ,
ਧਰਤੀ ਮਾਂ ਜਹੀ ਇਸ ਬੱਚੀ ਨੂੰ, ਕਹਿਣ ਯਤੀਮ ਈਮਾਨ ਨਹੀਂ ਹੈ।

ਬਿਰਧ ਘਰਾਂ ਵਿਚ ਰੁਲਦੇ ਹਾਉਕੇ, ਲੋਰੀ ਦੇਵਣਹਾਰੀ ਡੁਸਕੇ,
ਸੱਚ ਕਹੀਏ ਤਾਂ, ਇਸ ਤੋਂ ਵਧ ਕੇ ਮਮਤਾ ਦਾ ਅਪਮਾਨ ਨਹੀਂ ਹੈ।

ਏਸ ਸਭਾ ਵਿਚ ਇਕ ਵੀ ਚਿਹਰਾ, ਜੇਕਰ ਮੈਨੂੰ ਘੂਰ ਰਿਹਾ ਏ,
ਮੋੜ ਲਵੋ ਇਹ ਨਿਕ ਸੁਕ, ਥੈਲੀ, ਇਹ ਮੇਰਾ ਸਨਮਾਨ ਨਹੀਂ ਹੈ।

ਬੰਦਾ ਬੰਦੇ ਵਾਂਗੂੰ ਵਿਚਰੇ, ਤੇ ਬੰਦੇ ਨੂੰ ਬੰਦਾ ਸਮਝੇ,
ਇੱਕੋ ਮੰਤਰ ਲੱਖਾਂ ਵਰਗਾ, ਇਹ ਕੋਈ ਗੂੜ੍ਹ ਗਿਆਨ ਨਹੀਂ ਹੈ।

ਮੈਂ ਤਾਂ ਐਵੇਂ ਖਿੱਲਰੇ ਪੁੱਲਰੇ, ਸ਼ਬਦ ਸੰਵਾਰੇ, ਗਜ਼ਲਾਂ ਕਹੀਆਂ,
ਏਸ ਹਕੀਕਤ ਤੋਂ ਮੈਂ ਵਾਕਿਫ਼, ਇਹ ਮੇਰਾ ਦੀਵਾਨ ਨਹੀਂ ਹੈ।

*

ਗੁਲਨਾਰ- 35