ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਭ ਲੋਕਾਂ ਲਈ ਇੱਕੋ ਧਰਤੀ ਪਰ ਸਾਂਝਾ ਅਸਮਾਨ ਨਹੀਂ ਹੈ।
ਨੀਲੀ ਛਤਰੀ ਵਾਲੇ ਰੱਬ ਦਾ ਇਸ ਪਾਸੇ ਵੱਲ ਧਿਆਨ ਨਹੀਂ ਹੈ।

ਰੱਜਿਆਂ ਖਾਤਰ ਹੋਰ ਖ਼ੁਰਾਕਾਂ, ਲਿੱਸਿਆਂ ਖਾਤਰ ਕੱਚੀਆਂ ਲੱਸੀਆਂ,
ਰੱਬ ਦੇ ਬੰਦਿਓ, ਇਹ ਦੋ ਅਮਲੀ, ਕੀਹ ਰੱਬ ਦਾ ਅਪਮਾਨ ਨਹੀਂ ਹੈ।

ਮੈਂ ਮਜ਼ਬੂਤ ਬਤੀਸੀ ਕੋਲੋਂ, ਕੀਹ ਲੈਣੈਂ, ਜੇ ਏਹੀ ਦੁਸ਼ਮਣ,
ਸ਼ਬਦ ਸਲਾਮਤ ਰੱਖਣ ਲਈ ਜੇ ਰਹਿਣੀ ਮਾਤ ਜ਼ੁਬਾਨ ਨਹੀਂ ਹੈ?

ਦਰਿਆਵਾਂ ਨੂੰ ਸੰਗਲੀ ਪਾ ਕੇ, ਜਿੱਧਰ ਚਾਹੇ ਤੇਰੀ ਫੇਰੋ,
ਗੰਗਾ ਯਮੁਨਾ ਸਰਸਵਤੀ ਦਾ, ਇਹ ਭਾਈ ਸਨਮਾਨ ਨਹੀਂ ਹੈ।

ਕੱਚੇ ਘਰ ਲਈ ਹੋਰ ਕਿਤਾਬਾਂ, ਪੱਕਿਆਂ ਦੇ ਲਈ ਸਬਕ ਅਲਹਿਦਾ,
ਕਿੱਥੋਂ ਪੜ੍ਹ ਕੇ ਕੀਹ ਕਰਦੇ ਹੋ, ਇਹ ਤਾਂ ਅਸਲ ਵਿਧਾਨ ਨਹੀਂ ਹੈ।

ਫੁਲਕਾਰੀ ਦੇ ਧਾਗੇ ਤੋੜੇ, ਆਖੋ ਸਾਨੂੰ ਮੁੜ ਕੇ ਜੋੜੋ,
ਅਜਬ ਤਮਾਸ਼ਾ ਏਸ ਤਰ੍ਹਾਂ ਦਾ, ਸਾਨੂੰ ਇਹ ਪਰਵਾਨ ਨਹੀਂ ਹੈ।

ਤੇਰੇ ਹੱਥ ਤ੍ਰਿਸ਼ੂਲ ਤਬਾਹੀ, ਤਲਵਾਰਾਂ ਦੀ ਫ਼ਸਲ ਉਗਾਵੇਂ,
ਹੇ ਬਨਵਾਰੀ, ਕਿਰਪਾ ਧਾਰੀ, ਕਿਉਂ ਹੱਥ ਵਿਚ ਕਿਰਪਾਨ ਨਹੀਂ ਹੈ।

ਇਹ ਪੰਜਾਬ ਜਿਉਂਦੀ ਪੁਸਤਕ, ਰਿਗਵੇਦਾਂ ਤੋਂ ਲੈ ਕੇ ਅੱਜ ਤੱਕ,
ਜਦ ਜੀਅ ਚਾਹਵੇ ਝੰਬੇਂ ਝਿੜਕੇਂ, ਇਹ ਕੋਈ ਦਰਬਾਨ ਨਹੀਂ ਹੈ।

ਦਿੱਲੀ ਬਹਿ ਕੇ ਰਾਜ ਕਰਦਿਆ, ਵੇਖੀਂ ਸੋਚਾਂ ਅਤੇ ਵਿਚਾਰੀਂ,
ਦਿਲ ਦੀ ਦਿੱਲੜੀ ਜੋ ਨਹੀਂ ਬਹਿੰਦਾ, ਉਹ ਸਾਡਾ ਸੁਲਤਾਨ ਨਹੀਂ ਹੈ।

*

ਗੁਲਨਾਰ- 37