ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ੁਦਾਇਆ ਇਹ ਕਦੇ ਨਾ ਕਹਿਰ ਹੋਵੇ।
ਮਿਰੇ ਅੰ ਦਰ ਕਿਸੇ ਲਈ ਜ਼ਹਿਰ ਹੋਵੇ।

ਮਿਲੇਂ ਤਾਂ ਇਸ ਤਰ੍ਹਾਂ ਮਹਿਸੂਸ ਹੋਵੇ,
ਜਿਵੇਂ ਦਿਲ ਦੇ ਸਮੁੰਦਰ ਲਹਿਰ ਹੋਵੇ।

ਕਦੇ ਥਿੰਦੇ ਘੜੇ ਜਹੇ ਰਿਸ਼ਤਿਆਂ ਵਿਚ,
ਮੇਰੇ ਤੋਂ ਮਿੰਟ ਵੀ ਨਾ ਠਹਿਰ ਹੋਵੇ।

ਉਦੋਂ ਰਿਸ਼ਤੇ ਵੀ ਮਿੱਟੀ ਜਾਪਦੇ ਨੇ,
ਜਦੋਂ ਅੱਖਾਂ ਦੇ ਅੰਦਰ ਗਹਿਰ ਹੋਵੇ।

ਬੜਾ ਕੁਝ ਚੌਖਟੇ ਵਿਚ ਕੈਦ ਹੋਇਆ,
ਮਿਰਾ ਪਿੰਡ ਬਣ ਗਿਆ ਜਿਉਂ ਸ਼ਹਿਰ ਹੋਵੇ।

ਜਦੋਂ ਗਿਣਤੀ ਤੇ ਮਿਣਤੀ ਰੂਹ ਨੂੰ ਘੇਰੇ,
ਅਜੇਹੇ ਵਕਤ ਦਾ ਨਾਂ 'ਕਹਿਰ' ਹੋਵੇ।

ਇਹ ਚੰਚਲ ਮਨ ਖਿਡੌਣੇ ਮੰਗਦਾ ਹੈ,
ਜਿਵੇਂ ਬਚਪਨ ਦਾ ਪਹਿਲਾ ਪਹਿਰ ਹੋਵੇ।

*

ਗੁਲਨਾਰ- 39