ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਰਮ ਦੇ ਭਾਂਡੇ ਦੇ ਹੋ ਗਏ, ਵੇਖ ਲੈ ਕਿੰਜ ਠੀਕਰੇ।
ਲੋਕ ਖ਼ੌਰੇ ਕਿਉਂ ਅਜੇ ਵੀ ਚੁੱਪ ਨੇ ਬੈਠੇ ਡਰੇ।

ਬਾਬਰਾਂ ਤੋਂ, ਜਾਬਰਾਂ ਤੋਂ, ਮੁਕਤ ਨਾ ਦਿੱਲੀ ਲਾਹੌਰ,
ਹੁਣ ਇਮਾਰਤ ਦੀ ਜਗ੍ਹਾ ਉੱਸਰਨ ਦਿਲਾਂ ਵਿਚ ਮਕਬਰੇ।

ਮੈਂ ਹਕੀਕਤ ਨੂੰ ਕਦੇ ਵੀ, ਕਿਉਂ ਕਰਾਂ ਆਪੇ ਤੋਂ ਦੂਰ,
ਸ਼ੌਕ ਮੇਰਾ ਤੇਜ਼ ਤੁਰਨਾ, ਗਲ 'ਚ ਪਾ ਕੇ ਉਸਤਰੇ।

ਘਰ ਰਹੇ ਨਾ ਘਰ, ਇਹ ਬਣ ਗਏ ਕੈਦਖ਼ਾਨੇ ਵੇਖ ਲੈ,
ਸ਼ਹਿਰ ਵਾਂਗੂੰ ਪਿੰਡ ਅੰਦਰ ਸਹਿਕਦੇ ਹੁਣ ਚੌਂਤਰੇ।

ਘਰ ਤੋਂ ਦਫ਼ਤਰ ਤੀਕ ਸਭ ਨੇ, ਰੋਣ-ਹਾਕੇ ਫਿਰ ਰਹੇ,
ਰੂਹ ਵਿਛੋੜਾ ਦੇ ਗਈ ਹੈ, ਰੁਦਨ ਹੁਣ ਕਿਹੜਾ ਕਰੇ।

ਮੈਂ ਆਜ਼ਾਦੀ ਨੂੰ ਆਜ਼ਾਦੀ, ਦੱਸ ਕਿਹੜੇ ਮੂੰਹ ਕਹਾਂ,
ਜ਼ਖ਼ਮ ਮੇਰੇ ਪੁਰਖ਼ਿਆਂ ਦੇ ਵੇਖ ਲੈ ਓਵੇਂ ਹਰੇ।

ਤਲਖ਼ ਹੈ ਦਿਲ ਦਾ ਸਮੁੰਦਰ, ਖੌਲਦੈ ਲਾਵੇ ਦੇ ਵਾਂਗ,
ਸੁਰਖ ਲਾਟਾਂ ਨਾਲ ਦੋਵੇਂ, ਨੈਣ ਮੇਰੇ ਵੀ ਭਰੇ।

*

ਗੁਲਨਾਰ- 40