ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਾਮ ਢਲੀ ਤੋਂ ਮਗਰੋਂ, ਛਾਵਾਂ ਲੱਭਦੀਆਂ ਨਹੀਂ।
ਸਿਵਿਆਂ ਦੀ ਮਿੱਟੀ ਚੋਂ, ਮਾਵਾਂ ਲੱਭਦੀਆਂ ਨਹੀਂ।

ਵਕਤ ਬੜਾ ਹੈ ਜ਼ਾਲਮ ਬਦਲੇ ਲੈਂਦਾ ਹੈ,
ਭੁੱਲ ਗਿਆ ਹਾਂ, ਪਿੰਡ ਦੀਆਂ ਰਾਹਵਾਂ ਲੱਭਦੀਆਂ ਨਹੀਂ।

ਕਲਮੂੰਹੀ ਹੈ ਰਾਤ, ਕਲਾਵਾ ਮੌਤ ਜਿਹਾ,
ਇਸ ਦੀ ਬੁੱਕਲ ਸ਼ੋਖ ਅਦਾਵਾਂ, ਲੱਭਦੀਆਂ ਨਹੀਂ।

ਸੰਗ ਮਰਮਰ ਤੋਂ ਪੈੜ ਗੁਆਚੀ ਲੱਭਦਾ ਹਾਂ,
ਜਿੱਥੋਂ ਮੈਂ ਸੀ ਆਇਆ, ਥਾਵਾਂ ਲੱਭਦੀਆਂ ਨਹੀਂ।

ਅੱਖ ਦੀ ਘੂਰੀ, ਮਾਂ ਮੇਰੀ ਦਾ ਚੁੱਪ ਕਰਨਾ,
ਹੁਣ ਤਾਂ ਐਸੀਆਂ ਸਖ਼ਤ ਸਜ਼ਾਵਾਂ ਲੱਭਦੀਆਂ ਨਹੀਂ।

ਪੱਕਦੀਆਂ ਦੇ ਯਾਰ ਬੜੇ ਗੁਰਭਜਨ ਸਿਹਾਂ,
ਵਖ਼ਤ ਪਿਆ ਵੀਰਾਂ ਬਿਨ ਬਾਹਵਾਂ ਲੱਭਦੀਆਂ ਨਹੀਂ।

*

ਗੁਲਨਾਰ- 46