ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਰਮ ਗਰੰਥਾਂ ਦੇ ਵਿਚ ਮੰਨਦੇ ਪੀਰ ਦਰਖ਼ਤਾਂ ਨੂੰ।
ਕਾਹਨੂੰ ਚੀਰੀ ਜਾਵੇਂ ਅੱਜ ਤੂੰ ਵੀਰ ਦਰਖ਼ਤਾਂ ਨੂੰ।

ਜੰਗਲ ਬੇਲੇ ਦੇ ਵਿਚ ਰਾਂਝੇ ਮੱਝੀਆਂ ਚਾਰਦਿਆਂ,
ਵੰਝਲੀ ਕੀਲੀ ਕਿੱਦਾਂ,ਪੁੱਛ ਤੂੰ ਹੀਰ ਦਰਖ਼ਤਾਂ ਨੂੰ।

ਬੋਹੜ ਤੇ ਪਿੱਪਲ ਬਾਬਲ, ਨਿੰਮ ਧਰੇਕਾਂ ਵੱਡੀ ਥਾਂ,
ਧੀਆਂ ਭੈਣਾਂ ਮੰਨਦੀਆਂ ਨੇ ਵੀਰ ਦਰਖ਼ਤਾਂ ਨੂੰ।

ਸਿਵਿਆਂ ਅੰਦਰ ਨਾਲ ਅਸਾਡੇ ਇਹੀ ਸੜਦੇ ਨੇ,
ਤਾਂਹੀਉਂ ਦੁਨੀਆਂ ਲੱਭਦੀ ਫਿਰੇ ਅਖ਼ੀਰ ਦਰਖ਼ਤਾਂ ਨੂੰ।

ਸੂਰਮਿਆਂ ਲਈ ਅੱਜ ਵੀ ਬੁੱਕਲ ਕਿੱਦਾਂ ਬਿਰਖ ਬਣੇ,
ਪੁੱਛ ਕਦੇ ਤੂੰ ਜਾ ਕੇ ਬਸਤਰ ਵੀਰ ਦਰਖ਼ਤਾਂ ਨੂੰ।

ਕਲਗੀਧਰ ਦੀ ਬਿਹਬਲਤਾ ਨੂੰ ਖ਼ੁਦ ਸਮਝਾਵਣਗੇ,
ਮਾਛੀਵਾੜੇ ਜਾ ਕੇ ਮਿਲ ਦਿਲਗੀਰ ਦਰਖ਼ਤਾਂ ਨੂੰ।

ਅੰਬਰ ਕਿਣ ਮਿਣ ਕਣੀਆਂ ਜਦੋਂ ਵਰ੍ਹਾਵੇ ਧਰਤੀ ਤੇ,
ਸਭ ਤੋਂ ਪਹਿਲਾਂ ਬਖਸ਼ਦੀਆਂ ਨੇ ਨੀਰ ਦਰਖ਼ਤਾਂ ਨੂੰ।

*

ਗੁਲਨਾਰ- 47