ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੁੱਛਿਆ ਕਰ ਤੂੰ ਦੁਖ ਸੁਖ ਬਹਿ ਕੇ ਵੀਰ ਦਰਖ਼ਤਾਂ ਨੂੰ।
ਨਾ ਮਾਰੀਂ ਨਾ ਮਾਰੀਂ ਮਸਤ ਫ਼ਕੀਰ ਦਰਖ਼ਤਾਂ ਨੂੰ।

ਕਹਿਣ ਵਿਕਾਸ, ਵਿਨਾਸ਼ੀ ਹੋ ਗਏ ਜ਼ਰ-ਜਰਵਾਣੇ ਵੀ,
ਆਰੇ ਲੈ ਕੇ ਫਿਰਦੇ ਦੇਂਦੇ ਚਾਰ ਦਰਖ਼ਤਾਂ ਨੂੰ।

ਸਾਵੀ ਛਤਰੀ ਵੇਦ ਰਿਸ਼ੀ ਦੇ ਸਿਰ ਤੇ ਬਿਰਖਾਂ ਦੀ,
ਬਣੇ ਸਿਆਣਾ, ਸਮਝੇਂ ਅੱਜ ਤੂੰ ਕੀਰ ਦਰਖ਼ਤਾਂ ਨੂੰ।

ਤੈਥੋਂ ਪਹਿਲਾਂ ਧਰਤੀ ਮਾਂ ਹੀ ਇਸ ਦੀ ਜਣਨੀ ਹੈ,
ਮੰਨਿਆ ਕਰ ਤੂੰ ਅਪਣੇ ਹੀ ਹਮਸ਼ੀਰ ਦਰਖ਼ਤਾਂ ਨੂੰ।

ਸਾਡੀ ਖਾਤਰ ਜ਼ਹਿਰ ਚੂਸਦੇ, ਗੰਦੀਆਂ ਪੌਣਾਂ 'ਚੋਂ,
ਸ਼ਿਵ ਭਗਵਾਨ ਨੇ ਮੰਨਦੇ ਵੱਡਾ ਵੀਰ ਦਰਖ਼ਤਾਂ ਨੂੰ।

ਕ੍ਰਿਸ਼ਨ ਘਨੱਈਆ ਵਜਦ, ਗੋਪੀਆਂ, ਰਾਸਾਂ ਬੰਸਰੀਆਂ,
ਪੁੱਛ ਤੂੰ ਕਥਾ ਪੁਰਾਣੀ ਯਮੁਨਾ ਤੀਰ ਦਰਖ਼ਤਾਂ ਨੂੰ।

ਗਿਆਨ-ਬਿਰਖ ਦੇ ਹੇਠਾਂ ਗੌਤਮ ਕਿੱਦਾਂ ਬੁੱਧ ਬਣੇ,
ਪੁੱਛਦਾ ਫਿਰੇ ਅਸ਼ੋਕਾ ਆਲਮਗੀਰ ਦਰਖ਼ਤਾਂ ਨੂੰ।

ਧੀਆਂ ਪੁੱਤਰਾਂ ਬਾਝੋਂ, ਇਸ ਦੀ ਵੇਦਨ ਕੌਣ ਸੁਣੇ,
ਆਉ ਦੇਈਏ ਜਾ ਕੇ ਕੁਝ ਤਾਂ ਧੀਰ ਦਰਖ਼ਤਾਂ ਨੂੰ।

ਗੁਲਨਾਰ- 48