ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਬਦ ਕੋਸ਼ 'ਚੋਂ ਖਾਰਜ ਕਰ ਦਿਉ, ਜਿੱਥੇ ਲਿਖਿਐ ਸ਼ਬਦ ਅਸੰਭਵ।
ਸੰਭਵ, ਸੰਭਵ, ਸੰਭਵ ਕਰ ਦਿਉ, ਜਿੱਥੇ ਲਿਖਿਐ ਸ਼ਬਦ ਅਸੰਭਵ।

ਜਿਸ ਤੋਂ ਡਰ ਕੇ ਸੋਤਰ ਸੁੱਕਦੇ, ਜੀਭ ਤਾਲੂਏ ਜੁੜਦੀ ਸਾਡੀ,
ਨੇਰ੍ਹ ਕੋਠੜੀ ਦੀਵੇ ਧਰ ਦਿਉ, ਜਿੱਥੇ ਲਿਖਿਐ ਸ਼ਬਦ ਅਸੰਭਵ।

ਜਿਉਂ ਜੰਮੇ ਹਾਂ ਏਹੀ ਸੁਣਦੇ, ਹਿੰਮਤ ਨੂੰ ਹੀ ਮੰਜ਼ਿਲ ਮਿਲਦੀ,
ਹੁਣ ਇਸ ਗੱਲ ਨੂੰ ਸੱਚੀ ਕਰ ਦਿਉ, ਜਿੱਥੇ ਲਿਖਿਐ ਸ਼ਬਦ ਅਸੰਭਵ।

ਅੰਬਰ ਵਿੱਚ ਉਡਾਰੀ ਭਰਦੇ, ਕਰਨ ਕਲੋਲ ਪਰਿੰਦੇ ਵੇਖੋ,
ਤਿਲ ਤਿਲ ਕਰਕੇ ਰੋਜ਼ ਮਰ ਦਿਉ, ਜਿੱਥੇ ਲਿਖਿਆ ਸ਼ਬਦ ਅਸੰਭਵ।

ਦੋ ਧੀਆਂ* ਨੇ ਸਬਕ ਪੜ੍ਹਾਇਆ, ਸਮਝ ਕਿਉਂ ਨਾ ਆਵੇ ਸਾਨੂੰ,
ਚੰਦਰਮਾ ਤੇ ਪੈਰ ਧਰਦਿਉ, ਜਿੱਥੇ ਲਿਖਿਆ ਸ਼ਬਦ ਅਸੰਭਵ।

ਧਰਤੀ ਮਾਂ ਕਿਉਂ ਕੱਲ੍ਹੀ ਕੱਤਰੀ, ਤਾਣੋ ਸਿਰ ਤੇ ਸਾਵੀਂ ਛਤਰੀ,
ਹਰਿਆਲੀ, ਹਰਿਆਲੀ ਭਰ ਦਿਉ, ਜਿੱਥੇ ਲਿਖਿਆ ਸ਼ਬਦ ਅਸੰਭਵ।

*ਕਲਪਨਾ ਚਾਵਲਾ ਤੇ ਸੁਨੀਤਾ ਵਿਲੀਅਜ਼

*

ਗੁਲਨਾਰ- 19