ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਨ ਚੜ੍ਹਦੈ ਤਾਂ ਤੁਰ ਪੈਂਦਾ ਏਂ, ਰੋਜ਼ ਤੂੰ ਨਵੇਂ ਸ਼ਿਕਾਰ ਲਈ।
ਖ਼ਵਰੇ ਕਿੱਦਾਂ ਤੁਰਿਆ ਫਿਰਦੈਂ, ਮਨ ਤੇ ਏਨਾ ਭਾਰ ਲਈ।

ਤੇਰੇ ਹੱਥ ਕੁਹਾੜਾ, ਆਰੀ, ਹੁਣ ਤਾਂ ਪੁੱਛਣਾ ਬਣਦਾ ਹੈ,
ਤੂੰ ਤਾਂ ਸਾਨੂੰ ਇਹ ਕਹਿੰਦਾ ਸੀ, ਲੜਨਾ ਹੈ ਗੁਲਜ਼ਾਰ ਲਈ।

ਮਨ ਮਸਤਕ ਵਿਚ ਕੁਰਬਲ ਕੁਰਬਲ, ਚੁੱਪ ਤੂੰ ਖੜ੍ਹਾ ਚੌਰਾਹੇ ਤੇ,
ਕਦਮ ਅਗਾਂਹ ਨੂੰ ਧਰਦਾ ਕਿਉਂ ਨਹੀਂ, ਰੌਸ਼ਨ ਸੁਰਖ਼ ਬਹਾਰ ਲਈ।

ਦਾਨਵੀਰ ਤੂੰ ਬਣ ਬਣ ਬਹਿਨੈਂ, ਕੁੜੀਆਂ ਚਿੜੀਆਂ ਮਾਰ ਰਿਹੈਂ,
ਜ਼ਹਿਰ 'ਚ ਭਿੱਜਾ ਚੋਗਾ ਪਾਉਨੈਂ, ਕਿਉਂ ਕੂੰਜਾਂ ਦੀ ਡਾਰ ਲਈ।

ਮੈਂ ਇਸ ਧਰਤੀ ਦੀ ਮਰਿਆਦਾ, ਪਾਰਦਰਸ਼ਨੀ ਰੂਹ ਵਰਗੀ,
ਹੋਰ ਕਿਸੇ ਦਾ ਦਰ ਖੜਕਾ ਤੂੰ, ਕੂੜੇ ਵਣਜ ਵਪਾਰ ਲਈ।

ਅਣਖ਼ ਦੀ ਰੋਟੀ ਖਾਂਦੇ ਖਾਂਦੇ, ਆਹ ਦੱਸ ਤੈਨੂੰ ਕੀਹ ਹੋਇਆ,
ਇਹ ਅਨਮੋਲ ਜ਼ਮੀਰ ਭਲਾ ਕਿਉਂ, ਆਟੇ ਖ਼ਾਤਰ ਮਾਰ ਲਈ।

ਨਿਰਬਲ ਨਾ ਤੂੰ ਸਮਝੀ ਮੈਨੂੰ, ਰਣ ਚੰਡੀ ਹਾਂ, ਦੁਰਗਾ ਹਾਂ,
ਭੱਜਦਿਆਂ ਨੂੰ ਰਾਹ ਨਹੀਂ ਲੱਭਣਾ, ਜੇ ਮੈਂ ਦਿਲ ਵਿਚ ਧਾਰ ਲਈ।

*

ਗੁਲਨਾਰ- 51