ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿੰਨੀ ਵਾਰੀ ਕੁੱਟ ਕੁੱਟ ਚੂਰੀਆਂ, ਪੁੱਤ ਨੂੰ ਦਿੱਤੀਆਂ ਮਾਵਾਂ ਨੇ।
ਲਹਿਰਾਂ ਦੀ ਗਿਣਤੀ ਨੂੰ ਚੇਤੇ ਕਦ ਰੱਖਿਆ ਦਰਿਆਵਾਂ ਨੇ।

ਕੌਣ ਮੁਸਾਫ਼ਿਰ ਕਿਨਾ ਕੁ ਚਿਰ, ਬੈਠਾ, ਅੱਗੇ ਚਲਾ ਗਿਆ,
ਲੇਖਾ ਪੱਤਾ ਰੱਖਿਆ ਹੈ ਕਦ, ਰਾਹ ਵਿਚ ਉੱਗੀਆਂ ਛਾਵਾਂ ਨੇ।

ਤਪਣ ਬਨੇਰੇ ਪੱਕੇ ਘਰ ਦੇ, ਸੜਦੇ ਭੁੱਜਦੇ ਸ਼ਹਿਰਾਂ ਵਿਚ,
ਆਏ ਗਏ ਦੀ ਖ਼ਬਰ ਸੁਣਾਉਣੀ, ਕਿੱਥੇ ਬਹਿ ਕੇ ਕਾਵਾਂ ਨੇ।

ਨਾਲ ਸਮੇਂ ਦੇ ਅੱਖਾਂ ਬਦਲੇਂ ਤੇ ਫਿਰ ਆਖੇਂ ਮਿਲਦਾ ਰਹੁ,
ਹੁਣ ਤਾਂ ਮਨ ਤੋਂ ਮਨ ਵਿਚਕਾਰੇ, ਬਹੁਤ ਕੁਸੈਲੀਆਂ ਰਾਹਵਾਂ ਨੇ।

ਆਹ ਕਮਜ਼ੋਰੀ ਦੀ ਥਾਂ ਆਪਾਂ, ਸ਼ਕਤੀ ਵੀ ਬਣ ਸਕਦੇ ਸੀ,
ਜੇ ਨਾ ਸਬਕ ਭੁਲਾਉਂਦੇ ਵੀਰਾ, ਦਿੱਤੜਾ ਸੀ ਜੋ ਮਾਵਾਂ ਨੇ।

ਤੂੰ ਕੁਰਸੀ ਦਾ ਪੁੱਤਰ ਬਣ ਕੇ, ਠੰਢੇ ਭਵਨੀਂ ਬੈਠ ਗਿਆ,
ਸਾਡੀਆਂ ਹਾਲੇ ਪਿਲਖਣ ਥੱਲੇ, ਓਹੀ, ਪੁਰਾਣੀਆਂ ਥਾਵਾਂ ਨੇ।

ਬਣ ਗਈ ਨਗਨ ਸਿਆਸਤ, ਹੀਰਾ ਮੰਡੀ ਵਿੱਚ ਤਵਾਇਫ਼ ਜਹੀ,
ਦੱਸ ਵਿਕਾਊ ਕੀਹ ਨਾ ਏਥੇ, ਓਹਲਾ ਰੱਖਿਐ ਨਾਵਾਂ ਨੇ।

ਇੱਕ ਵਾਰੀ ਤੂੰ ਨਾਲ ਮੁਹੱਬਤ, ਮੈਨੂੰ ਮਾਰ ਆਵਾਜ਼ ਕਦੇ,
ਬਹੁਤ ਉਡੀਕਿਆ ਤੈਨੂੰ ਮੇਰੇ, ਕੰਜ ਕੁਆਰੇ ਚਾਵਾਂ ਨੇ।

ਲੋਕ ਰਾਜ ਦੇ ਨਾਟਕ ਅੰਦਰ, ਅਦਾਕਾਰ ਨੇ ਕੀਹ ਕਰਨਾ,
ਗੁਪਤ ਫ਼ੈਸਲਾ ਦੇਣਾ ਹੁੰਦੈ, ਹਰ ਵਾਰੀ ਹੀ ਸ਼ਾਹਵਾਂ ਨੇ।

*

ਗੁਲਨਾਰ- 53