ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੌੜ ਕੁਸੈਲੇ ਬੋਲ ਹਮੇਸ਼ਾਂ ਕੀਹ ਕੀਹ ਕਾਰੇ ਕਰ ਜਾਂਦੇ ਨੇ।
ਰੂਹ ਦੇ ਕੋਮਲ ਪਿੰਡੇ ਉੱਤੇ ਸੁਰਖ਼ ਫਲੂਹੇ ਧਰ ਜਾਂਦੇ ਨੇ।

ਉੱਡ ਜਾਵੇ ਵਿਸ਼ਵਾਸ ਜਦੋਂ ਫਿਰ, ਬੋਝਲ ਹੋ ਜਾਂਦੇ ਨੇ ਰਿਸ਼ਤੇ,
ਅਗਨ ਧਵਾਂਖੇ ਮਨ ਦੇ ਪੰਛੀ, ਹੌਲੀ ਹੌਲੀ ਮਰ ਜਾਂਦੇ ਨੇ।

ਤਪਦੇ ਮਨ ਦੀ ਅਗਨੀ ਅੰਦਰ ਝੁਲਸ ਜਾਣ ਨਾ ਕੋਮਲ ਕਲੀਆਂ,
ਨਰਮ ਕਰੂੰਬਲ ਨੂੰ ਕਿਉਂ ਲੋਕੀਂ, ਐਸੀ ਥਾਂ ਤੇ ਵਰ ਜਾਂਦੇ ਨੇ।

ਸੁੱਤਿਆਂ ਸੁੱਤਿਆਂ ਪਿੱਛਾ ਕਰਦੇ, ਜਾਗਦਿਆਂ ਵੀ ਖ਼ੌਰੂ ਪਾਉਂਦੇ,
ਭਟਕਣ ਜੂਨ ਹੰਢਾਉਂਦੇ ਸੁਪਨੇ, ਕਿਹੜੇ ਵੇਲੇ ਘਰ ਜਾਂਦੇ ਨੇ।

ਇੱਕ ਦੂਜੇ ਦੀ ਅੱਖ ਵਿੱਚ ਅੱਥਰੂ, ਕੱਠੇ ਹੋਣੋਂ ਪਹਿਲਾਂ ਪਹਿਲਾਂ,
ਦਿਲ ਦਰਿਆ ਜੇ ਕਰੀਏ, ਤਾਂ ਫਿਰ ਡੁੱਬਦੇ ਬੇੜੇ ਤਰ ਜਾਂਦੇ ਨੇ।

ਤਲਖ਼ ਬੋਲ ਜੇ ਬੋਲ ਰਿਹੈਂ ਤਾਂ ਇਹ ਗੱਲ ਵੀਰ ਕਦੇ ਨਾ ਭੁੱਲੀਂ,
ਸ਼ਬਦ ਬਾਣ ਨਾ ਰੂਹੋਂ ਲਹਿੰਦੇ, ਜ਼ਖ਼ਮ ਹਮੇਸ਼ਾਂ ਭਰ ਜਾਂਦੇ ਨੇ।

ਮਨ ਵਿਚ ਤਲਖ਼ੀ, ਗਰਮੀ, ਹੁੰਮਸ, ਜਦ ਹੋਵੇ ਤਾਂ ਚੁੱਪ ਰਿਹਾ ਕਰ,
ਬਾਲ ਅਲੂੰਏਂ ਵਰਗੇ ਰਿਸ਼ਤੇ, ਉੱਚੀ ਬੋਲਿਆਂ ਡਰ ਜਾਂਦੇ ਨੇ।

*

ਗੁਲਨਾਰ- 56