ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋ ਗਈਆਂ ਨੇ ਗੱਲਾਂ, ਆਪਾਂ ਫੇਰ ਮਿਲਾਂਗੇ।
ਸਾਂਭ ਸਮੰਦਰ ਛੱਲਾਂ, ਆਪਾਂ ਫੇਰ ਮਿਲਾਂਗੇ।

ਤੈਨੂੰ ਅਪਣੀ ਤਾਕਤ ਤੇ ਵਿਸ਼ਵਾਸ ਬੜਾ ਹੈ,
ਮੈਂ ਕਮਜ਼ੋਰਾ, ਚੱਲਾਂ, ਆਪਾਂ ਫੇਰ ਮਿਲਾਂਗੇ।

ਮੇਰਾ ਹੀ ਪਰਛਾਵਾਂ, ਮੈਥੋਂ ਦੂਰ ਖਲੋਤਾ,
ਇਸ ਵੇਲੇ ਮੈਂ ਕੱਲ੍ਹਾਂ, ਆਪਾਂ ਫੇਰ ਮਿਲਾਂਗੇ।

ਵਸਤਰ ਦੀ ਥਾਂ ਕਵਚ ਪਹਿਨ ਲਏ ਸੂਰਮਿਆ ਨੇ,
ਫਿਰਨ ਬਚਾਉਂਦੇ ਖੱਲਾਂ, ਆਪਾਂ ਫੇਰ ਮਿਲਾਂਗੇ।

ਜੋ ਪਲ ਤੇਰੇ ਬਾਝ ਗੁਜ਼ਾਰੇ, ਕਿੱਦਾਂ ਦੱਸਾਂ,
ਕਿਵੇਂ ਵਿਛੋੜਾ ਝੱਲਾਂ, ਆਪਾਂ ਫੇਰ ਮਿਲਾਂਗੇ।

ਵਰ੍ਹਦਾ ਨੈਣੋਂ ਨੀਰ ਨਿਰੰਤਰ, ਰੁਕਦਾ ਹੀ ਨਾ,
ਦਰਿਆ ਕੀਕਣ ਠੱਲ੍ਹਾਂ, ਆਪਾਂ ਫੇਰ ਮਿਲਾਂਗੇ।

*

ਗੁਲਨਾਰ- 58