ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਗਨ ਲਗਨ ਦੀ ਸਾਂਝੀ ਧੜਕਣ ਜਦ ਹਿੱਕੜੀ ਵਿਚ ਆ ਜਾਂਦੀ ਏ।
ਮੇਰੇ ਅੰਦਰ ਨਿੱਸਲ ਹੋਇਆ ਸੁੱਤਾ ਸ਼ੇਰ ਜਗਾ ਜਾਂਦੀ ਏ।

ਅਕਲ ਕਦੇ ਇੱਕ ਥਾਂ ਨਹੀਂ ਬਹਿੰਦੀ, ਰੋਜ਼ ਬਦਲਦੀ ਅਪਣਾ ਡੇਰਾ,
ਨਾ ਵਰਤੋ ਤਾਂ ਮੁੱਕ ਜਾਂਦੀ ਏ, ਜੇ ਵਰਤੋ ਤਾਂ ਆ ਜਾਂਦੀ ਏ।

ਮਾਲ ਖ਼ਜ਼ਾਨੇ 'ਕੱਠੇ ਕਰਕੇ, ਖ਼ੁਦ ਨੂੰ ਸਮਝੇਂ ਇਸ ਦਾ ਮਾਲਕ,
ਇਹ ਮਿੱਟੀ ਤਾਂ ਹੌਲੀ ਹੌਲੀ, ਲੋਹੇ ਨੂੰ ਵੀ ਖਾ ਜਾਂਦੀ ਏ।

ਅਣਖ਼ ਬਿਨਾ ਜੀਣਾ, ਕੀਹ ਜੀਣਾ ਬਿਨ ਹੱਡੀ ਤੋਂ ਜਿਵੇਂ ਗੰਡੋਆ,
ਤੇਜ਼ ਨਜ਼ਰ ਤੇ ਨਿਸ਼ਚਾ ਹੋਵੇ, ਮੰਜ਼ਿਲ ਨੇੜੇ ਆ ਜਾਂਦੀ ਏ।

ਚੁੱਕੀ ਫਿਰਦੇ ਤੀਰ ਕਮਾਨਾਂ, ਤ੍ਰਿਸ਼ੂਲਾਂ, ਤਲਵਾਰਾਂ ਜਿਹੜੇ,
ਡਰਦੇ ਸ਼ਬਦ ਕਟਾਰੀ ਤੋਂ ਜੋ, ਰੂਹ ਨੂੰ ਚੋਂਭੜ ਲਾ ਜਾਂਦੀ ਏ।

ਗਰਦ ਗੁਬਾਰ ਹਨ੍ਹੇਰੀ ਜੇਕਰ, ਰੂਹ ਦਰਵਾਜ਼ੇ ਥਾਣੀਂ ਵੜ ਜੇ,
ਨਜ਼ਰਾਂ ਵਿੱਚ ਵੀ ਖੋਟ ਦ੍ਰਿਸ਼ਟੀ, ਚਾਰ ਚੁਫੇਰੇ ਛਾ ਜਾਂਦੀ ਏ।

ਪੁੱਛਿਆ ਕਰ ਧਰਤੀ ਦੇ ਸ਼ਾਇਰਾ ਇਹ ਗੱਲ ਆਪਣੇ ਆਪ ਦੇ ਕੋਲੋਂ,
ਸਦੀਆਂ ਤੋਂ ਕਿਉਂ ਰੋਜ਼ੀ ਏਥੇ ਸਾਬਤ ਬੰਦੇ ਖਾ ਜਾਂਦੀ ਏ।

*

ਗੁਲਨਾਰ- 60