ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਿੰਦਗੀ ਚੁਸਤ ਵਪਾਰੀ ਵਾਂਗੂੰ, ਹਰ ਵੇਲੇ ਦਾਅ ਲਾ ਜਾਂਦੀ ਹੈ।
ਤਲਖ਼ ਤਜਰਬਿਆਂ ਬਦਲੇ, ਸਾਡੀ ਸਰਲ ਸਾਦਗੀ ਖਾ ਜਾਂਦੀ ਹੈ।

ਭਰ ਭਰ ਵਗਦੀਆਂ ਖੂਹ ਦੀਆਂ ਟਿੰਡਾਂ ਹੇਠੋਂ ਉੱਤੇ, ਉੱਤੋਂ ਹੇਠਾਂ,
ਹਾਉਕੇ ਭਰਦੀਆਂ ਬਿਨ ਪਾਣੀ ਤੋਂ, ਐਸੀ ਰੁੱਤ ਵੀ ਆ ਜਾਂਦੀ ਹੈ।

ਪੱਛੋਂ ਕਦੇ ਪੁਰਾ ਹੈ ਵਗਦਾ, ਜ਼ਿੰਦਗੀ ਤੇਰਾ ਭੇਤ ਨਾ ਲੱਗਦਾ,
ਮਨ ਦੇ ਅੰਬਰ ਤੇ ਤੁਧ ਬਾਝੋਂ, ਗਮ ਦੀ ਬੱਦਲੀ ਛਾ ਜਾਂਦੀ ਹੈ।

ਵਕਤ ਦੀ ਅੱਖ ਵਿਚ ਝਾਕਣ ਵਾਲੀ, ਸੂਰਮਿਆਂ ਦੀ ਨਸਲ ਅਲੱਗ ਹੈ,
ਸੂਲੀ ਤੇ ਮੁਸਕਾਉਂਦੀ, ਗਾਉਂਦੀ, ਅਨਹਦ ਨਾਦ ਵਜਾ ਜਾਂਦੀ ਹੈ।

ਰਿਸ਼ਤੇ ਨਹੀਉਂ ਕੈਦੀ ਬਣਦੇ, ਖੂਨ, ਖ਼ਮੀਰ ਸੀਮਾਵਾਂ ਅੰਦਰ,
ਅਹਿਸਾਸਾਂ ਦੀ ਬੁੱਕਲ ਅੰਦਰ, ਕੁੱਲ ਸ੍ਰਿਸ਼ਟੀ ਆ ਜਾਂਦੀ ਹੈ।

ਇਸ ਧਰਤੀ ਤੇ ਕਿਹੜਾ ਬੰਦਾ, ਗਲਤੀ ਦਰ ਗਲਤੀ ਨਹੀਂ ਕਰਦਾ,
ਸਿਖ਼ਰੋਂ ਟੁੱਟੀ ਪੀਂਘ ਹਮੇਸ਼ਾਂ, ਏਹੀ ਗੱਲ ਸਮਝਾ ਜਾਂਦੀ ਹੈ।

ਖ਼੍ਵਾਬ ਦੇ ਘੋੜੇ ਉੱਡਿਆ ਫਿਰਦੈਂ, ਧਰਤੀ ਤੇ ਨਾ ਪੈਰ ਟਿਕਾਵੇਂ,
ਅੱਖ ਪਲਕਾਰੇ ਅੰਦਰ ਨੇਰ੍ਹੀ, ਰੇਤੇ ਦੀ ਕੰਧ ਢਾਹ ਜਾਂਦੀ ਹੈ।

*

ਗੁਲਨਾਰ- 61