ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼੍ਵਾਬ ਨਾ ਖ਼ਿਆਲ, ਕਦੇ ਇਹ ਵੀ ਦਿਨ ਆਉਣਗੇ।
ਜਾਨ ਤੋਂ ਪਿਆਰੇ ਸਾਨੂੰ ਏਸਰਾਂ ਭੁਲਾਉਣਗੇ।

ਧੁੱਪਾਂ ਵਿੱਚ, ਛਾਵਾਂ ਵਿਚ, ਹਰ ਵੇਲੇ ਸਾਹਵਾਂ ਵਿਚ,
ਨੀਂਦਰਾਂ ਚੁਰਾਉਣ ਵਾਲੇ, ਅੱਖੀਆਂ ਚੁਰਾਉਣਗੇ।

ਨਿੱਕੀ ਜਹੀ ਬਗੀਚੜੀ ਨੂੰ ਚਾਵਾਂ ਨਾਲ ਪਾਲਿਆ,
ਸੋਚਿਆ ਨਹੀਂ ਸੀ, ਫੁੱਲ ਏਦਾਂ ਮੁਰਝਾਉਣਗੇ।

ਆਪਣੀ ਹੀ ਬਾਤ ਦਾ ਹੁੰਗਾਰਾ ਜਿੰਦੇ ਭਰੀ ਜਾਹ,
ਤੇਰੇ ਹੀ ਸਵਾਲ ਤੈਨੂੰ ਰਾਤਾਂ ਨੂੰ ਜਗਾਉਣਗੇ।

ਰੋਣ ਵੇਲੇ ਅੱਥਰੂ ਬਗੈਰ ਕੋਈ ਨਾ ਬਹੁੜਨਾ,
ਗਾਏਂਗਾ ਤਾਂ ਸਾਰੇ ਹੀ ਆਵਾਜ਼ ਨੂੰ ਮਿਲਾਉਣਗੇ।

ਆਪਣੀ ਹੀ ਛਾਵੇਂ ਹੈ ਖਲੋਣਾ ਸਾਨੂੰ ਪੈ ਗਿਆ,
ਚੁੱਪ ਦੇ ਪਹਾੜ ਹੋਰ ਕਿੰਨਾ ਅਜ਼ਮਾਉਣਗੇ।

ਸੱਜਣਾਂ ਪਿਆਰਿਆਂ ਤੋਂ ਆਸ ਨਾ ਉਮੀਦ ਸੀ,
ਵੈਰੀ ਵਾਂਗੂੰ ਸੂਈ ਵਾਲੇ ਨੱਕੇ 'ਚੋਂ ਲੰਘਾਉਣਗੇ।

*

ਗੁਲਨਾਰ- 65