ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਬਦ ਕੋਸ਼ ’ਚੋਂ ਲੱਭਦਾ ਫਿਰਦੈਂ, ਅਰਥ ਅਜੇ ਤੂੰ ਸੱਥਰਾਂ ਦਾ।
ਤੂੰ ਕੀਹ ਜਾਣੇਂ, ਦਰਦ ਅਨੋਖਾ ਸਾਡੀ ਅੱਖ ਦੇ ਅੱਥਰਾਂ ਦਾ।

ਢੇਰੀ ਢਾਹ ਕੇ ਬੈਠ ਗਿਆ ਏਂ, ਉੱਠ ਜਾ ਤੈਨੂੰ ਕੀਹ ਹੋਇਆ,
ਅਗਨ ਸੇਕ ਜੋ ਅੰਦਰ ਬੈਠੀ, ਸੀਨਾ ਚੀਰ ਕੇ ਪੱਥਰਾਂ ਦਾ।

ਦਰਿਆਵਾਂ ਦੇ ਗੀਤ ਸੁਣਦਿਆਂ, ਰਿੜ੍ਹਦੇ ਆਉਣ ਪਹਾੜਾਂ ਤੋਂ,
ਕਣ ਕਣ ਹੋਣ, ਧਰਤ ਤੇ ਫ਼ੈਲਣ, ਜਿਗਰਾ ਵੇਖ ਤੂੰ ਪੱਥਰਾਂ ਦਾ।

ਦੇਵ, ਦੇਵੀਆਂ ਹੋਰ ਬੜਾ ਕੁਝ, ਸਾਂਭੀ ਬੈਠੇ ਬੁੱਕਲ ਵਿਚ,
ਬੁੱਤ ਘਾੜੇ ਬਿਨ ਕੌਣ ਪਛਾਣੇ, ਅਸਲੀ ਚਿਹਰਾ ਪੱਥਰਾਂ ਦਾ।

ਚੌਰਸ ਜ਼ਿੰਦਗੀ ਇੱਕ ਦੂਜੇ ਵੱਲ ਪਿੱਠ ਕਰਕੇ ਹੈ ਬੀਤ ਰਹੀ,
ਨਕਸ਼ ਗੁਆਏ ਲੋਕਾਂ ਨੇ ਜੇ, ਦੋਸ਼ ਭਲਾ ਕੀਹ ਪੱਥਰਾਂ ਦਾ।

ਬੋਲ ਰਹੇ, ਪਰ ਤੋਲ ਰਹੇ ਨੇ, ਨੇਕ ਚੰਦ ਦੇ ਬਾਗਾਂ ਵਿਚ*,
ਚੰਡੀਗੜ੍ਹ ਵਿਚ ਵੇਖੀਂ ਜਾ ਕੇ ਰਾਜ ਭਾਗ ਨੂੰ ਪੱਥਰਾਂ ਦਾ।

ਗਰਜ਼ਾਂ ਖਾਤਰ ਫ਼ਰਜ਼ ਭੁਲਾਵੇਂ, ਪਰਬਤ ਤੋੜ ਵਿਛਾ ਦੇਵੇਂ,
ਅਪਣਾ ਨਗਰ ਵਸਾਉਣ ਦੀ ਖਾਤਰ ਵੈਰੀ ਬਣ ਗਿਆ ਪੱਥਰਾਂ ਦਾ।

*ਰਾਕ ਗਾਰਡਨ ਚੰਡੀਗੜ੍ਹ

*

ਗੁਲਨਾਰ- 66