ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਣ ਤੂੰ ਮਾਤ-ਜ਼ਬਾਨ 'ਚੋਂ ਖੁਸ਼ਬੂ।
ਅਸਲੀ ਗੂੜ੍ਹ ਗਿਆਨ 'ਚੋਂ ਖੁਸ਼ਬੂ।

ਘਰ ਤੋਂ ਲੁਕਦਾ ਫਿਰਦੈਂ, ਵੀਰਾ,
ਲੱਭੇਂ ਪਿਆ ਮਕਾਨ 'ਚੋਂ ਖੁਸ਼ਬੂ।

ਧੰਨੇ ਜੱਟ ਨੇ ਢੂੰਡ ਲਈ ਸੀ,
ਪੱਥਰ ਦੇ ਭਗਵਾਨ 'ਚੋਂ ਖੁਸ਼ਬੂ।

ਇਤਰ-ਫੁਲੇਲਾਂ ਭਾਵੇਂ ਮਲਦੈ,
ਮਰ ਚੱਲੀ ਇਨਸਾਨ 'ਚੋਂ ਖੁਸ਼ਬੂ।

ਪਹਿਲੀ ਬਾਰਸ਼, ਧਰਤੀ ਵੰਡੇ,
ਅੰਬਰ ਦੇ ਵਰਦਾਨ 'ਚੋਂ ਖੁਸ਼ਬੂ।

ਮਾਲੀ ਵੀ ਕਿਉਂ ਢੂੰਡ ਰਹੇ ਨੇ,
ਨਕਲੀ ਜਹੇ ਗੁਲਦਾਨ 'ਚੋਂ ਖੁਸ਼ਬੂ।

ਸੰਗ ਮਰਮਰ ਨੇ ਚੂਸ ਲਈ ਹੈ,
ਅਸਲੀ ਗੁਰ ਅਸਥਾਨ 'ਚੋਂ ਖੁਸ਼ਬੂ।

*

ਗੁਲਨਾਰ- 67