ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਣੀਆਂ ਦੀ ਮੌਜ ਦਾ ਹੀ ਦੂਸਰਾ ਨਾਂ ਲਹਿਰ ਹੈ।
ਏਸ ਦੀ ਹਮ ਨਸਲ ਮੇਰੀ ਇਸ ਗ਼ਜ਼ਲ ਦੀ ਬਹਿਰ ਹੈ।

ਪੱਕੀਆਂ ਫ਼ਸਲਾਂ ਦੇ ਦਿਲ ਵਿਚ ਸਹਿਮ ਦਾ ਮਾਹੌਲ ਵੇਖ,
ਅੰਬਰਾਂ ਦੀ ਅੱਖ ਮੈਲੀ, ਬਹੁਤ ਗੂੜ੍ਹੀ ਗਹਿਰ ਹੈ।

ਹੋਰ ਥੋੜ੍ਹੀ ਦੇਰ ਤੱਕ, ਸੂਰਜ ਛਿਪੇਗਾ ਨੇਰ੍ਹ ਵਿਚ,
ਏਸ ਦੇ ਜਲਵੇ ਦਾ ਤੀਜਾ, ਆਖ਼ਰੀ ਇਹ ਪਹਿਰ ਹੈ।

ਲਿਖਣਹਾਰੇ, ਸ਼ਬਦ- ਘਾੜੇ, ਕਰਨਗੇ ਅਹਿਸਾਸ ਕਦ,
ਤੋਲ ਹੈ ਸ਼ਬਦਾਂ ਦਾ ਪੂਰਾ, ਜ਼ਿੰਦਗੀ ਬੇ ਬਹਿਰ ਹੈ।

ਆਦਮੀ ਨੂੰ ਆਦਮੀ ਨਾ ਸਮਝਦਾ ਅੱਜ ਤੱਕ ਨਿਜ਼ਾਮ,
ਕਹਿਰਵਾਨੋ, ਕਹਿਰ ਹੈ, ਬੱਸ ਕਹਿਰ ਹੈ ਇਹ ਕਹਿਰ ਹੈ।

ਇਹ ਪਤਾ ਨਾ, ਨਾਲ ਦੇ ਘਰ ਕੌਣ ਆਇਆ, ਤੁਰ ਗਿਆ,
ਪਿੰਡ ਦੇ ਅੰਦਰ ਵੀ ਦਾਖ਼ਲ, ਹੋ ਗਿਆ ਹੁਣ ਸ਼ਹਿਰ ਹੈ।

ਪੁੱਛਿਆ ਬੁੱਧ ਨੂੰ ਕਿਸੇ ਕਿ ਜ਼ਹਿਰ ਕੀਹ ਹੁੰਦੈ ਭਲਾ,
ਆਖਿਆ ਉਸ, ਲੋੜ ਨਾਲੋਂ, ਵੱਧ ਹਰ ਸ਼ੈਅ ਜ਼ਹਿਰ ਹੈ।

*

ਗੁਲਨਾਰ- 71