ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੱਭਦੇ ਲੱਭਦੇ ਮਰ ਚੱਲੇ ਆਂ ਦਿਲ ਦੀ ਫੋਲਣ ਵਾਲੇ।
ਖਵਰੇ ਕਿੱਥੇ ਲੁਕ ਜਾਂਦੇ ਨੇ, ਬਹੁਤਾ ਬੋਲਣ ਵਾਲੇ।

ਝੱਖੜ ਤੇਜ਼, ਤੂਫ਼ਾਨ, ਬਿਜਲੀਆਂ, ਤਲਖ਼ ਸਮੁੰਦਰ ਕਹਿਰੀ,
ਪੌਣਾਂ ਤੇ ਅਸਵਾਰ ਮੁਸਾਫ਼ਰ, ਇਹ ਨਹੀਂ ਡੋਲਣ ਵਾਲੇ।

ਅਣਦਿਸਦੇ ਇਨਸਾਫ਼ ਦੇ ਛਾਬੇ, ਭੁਗਤਣ ਨਾ ਉਸ ਪਾਸੇ,
ਜਿਹੜੇ ਬੰਨੇ ਭੁਗਤ ਰਹੇ ਨੇ, ਪੂਰਾ ਤੋਲਣ ਵਾਲੇ।

ਜੰਦਰੇ ਦੇ ਵਿਚ ਲਾਖ਼ ਪਿਘਲ ਕੇ, ਧੁਰ ਅੰਦਰ ਜਾ ਪਹੁੰਚੀ,
ਭਾਰ ਬਣੇ ਕੁੰਜੀਆਂ ਦੇ ਗੁੱਛੇ, ਇਸ ਨੂੰ ਖੋਲ੍ਹਣ ਵਾਲੇ।

ਬੰਦ ਕਮਰੇ ਵਿਚ ਬੈਠਕ ਕਰਕੇ, ਤੁਰ ਗਏ ਮਤੇ ਪਕਾ ਕੇ,
ਮੈਂ ਸਮਝੇ ਸੀ ਦਿਲ ਦੇ ਮਹਿਰਮ, ਦਰਦ ਫ਼ਰੋਲਣ ਵਾਲੇ।

ਫੁਲਕਾਰੀ ਕਰ ਤੰ ਦਾਤੀਰੀ, ਪੇਂਜੇ ਵਾਂਗੁੰ ਪਿੰਜਦੇ,
ਵਿਰਸਾ ਵਿਰਸਾ ਕੂਕ ਰਹੇ ਨੇ, ਆਪ ਮਧੋਲਣ ਵਾਲੇ।

ਪੱਥਰ ਦੇ ਭਗਵਾਨ ਦੀ ਅੱਖ ਵਿਚ ਨੇਤਰ ਸ਼ੁੱਧ ਬਲੌਰੀ,
ਏਨੀ ਗੱਲ ਨੂੰ ਸਮਝਣ ਕਿਉਂ ਨਾ ਅੱਥਰੂ ਡੋਲ੍ਹਣ ਵਾਲੇ।

*

ਗੁਲਨਾਰ- 72