ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕੋ ਵਾਰੀ ਮੰਦਿਰ ਜਾ ਕੇ, ਪੱਥਰ ਤਾਂ ਭਗਵਾਨ ਬਣ ਗਿਆ।
ਰੋਜ਼ ਦਿਹਾੜੀ ਮੰਦਿਰ ਜਾ ਕੇ, ਪੱਥਰ ਕਿਉਂ ਇਨਸਾਨ ਬਣ ਗਿਆ?

ਧਰਤ ਤਿਆਗੀ, ਮਾਂ ਵੀ ਛੱਡੀ, ਮੋਹ ਮਮਤਾ ਨੂੰ ਮਾਰੇ ਜੰਦਰੇ,
ਬੰਦਾ ਵਾਅ ਦੇ ਘੋੜੇ ਚ ਚੜ੍ਹਿਆ, ਜਿਸ ਦਿਨ ਦਾ ਧਨਵਾਨ ਬਣ ਗਿਆ।

ਉੱਡਦੀਆਂ ਦੇ ਪਿੱਛੇ ਭਟਕੇ, ਕੱਲ-ਮੁ-ਕੱਲ੍ਹਾ ਹੋਇਆ ਝੱਲਾ,
ਘਰ ਦੀ ਚਾਰਦੀਵਾਰੀ ਖ਼ਾਤਰ, ਹੁਣ ਆਪੇ ਮਹਿਮਾਨ ਬਣ ਗਿਆ।

ਲੋਕ ਜਿਵੇਂ ਇੱਛਰਾਂ ਤੇ ਪੂਰਨ, ਰਿਸ਼ਤਿਆਂ ਦਾ ਨਿੱਘ ਢੂੰਡ ਰਹੇ ਨੇ,
ਧਨਵੰਤਾ ਕਿਉਂ ਲੂਣਾ ਖ਼ਾਤਰ, ਹਰ ਰਾਜਾ ਸਲਵਾਨ ਬਣ ਗਿਆ।

ਨਕਦ-ਮੁ-ਨਕਦੀ ਦੇਣ ਮੁਹੱਬਤ, ਲੋਕ ਉਧਾਰ ਕਦੇ ਨਹੀਂ ਰੱਖਦੇ,
ਦੀਨ ਦੁਖੀ ਦਾ ਜੋ ਵੀ ਹਾਮੀ, ਦਿਲ ਦਾ ਉਹ ਸੁਲਤਾਨ ਬਣ ਗਿਆ।

ਮੈਂ ਸ਼ਬਦਾਂ ਨੂੰ ਆਪ ਕਦੇ ਵੀ, ਇਹ ਨਹੀਂ ਕਹਿੰਦਾ, ਇਹ ਕੁਝ ਆਖੋ,
ਜਬਰ ਜ਼ੁਲਮ ਦੇ ਉਲਟ ਖਲੋਣਾ, ਇਨ੍ਹਾਂ ਦਾ ਈਮਾਨ ਬਣ ਗਿਆ।

ਹਾਉਕੇ, ਹਾਵੇ, ਅੱਥਰੂ ਮੇਰੇ, ਕੋਰੇ ਸਫ਼ਿਆਂ ਸਾਂਭ ਲਏ ਸੀ,
ਦਰਦ ਸਮੁੰਦਰ ਉਛਲਿਆ ਤਾਂ ਗ਼ਜ਼ਲਾਂ ਦਾ ਦੀਵਾਨ ਬਣ ਗਿਆ।

*

ਗੁਲਨਾਰ- 73