ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਉਂ ਕੱਖਾਂ ਦੀ ਕੁੱਲੀ ਅੱਜ ਵੀ, ਬਾਗ਼ ਪਾਲਦੇ ਮਾਲੀ ਖ਼ਾਤਰ।
ਦਿਨ ਤੇ ਰਾਤ ਜਿਉਂਦਾ ਜਿਹੜਾ, ਫੁੱਲਾਂ ਦੀ ਰਖਵਾਲੀ ਖ਼ਾਤਰ।

ਧਰਤੀ ਅੰਦਰ ਸੁਪਨੇ ਫ਼ਸਲਾਂ, ਆਹ ਬੀਜੋ ਤੇ ਆਹ ਨਾ ਬੀਜੋ,
ਚੰਡੀਗੜ੍ਹ ਕਿਉਂ ਹੁਕਮ ਭੇਜਦੈਂ, ਸਾਡੇ ਪਿੰਡ ਦੇ ਹਾਲੀ ਖ਼ਾਤਰ।

ਝੰਗ ਵਿੱਚ ਹੀਰਾਂ, ਰਾਂਝੇ, ਚੂਰੀ, ਖ਼ਵਰੇ ਕਿਹੜੇ ਯੁਗ ਦੀਆਂ ਬਾਤਾਂ,
ਰੋਟੀ ਰੁੱਖੀ, ਸੁੱਕੀ ਅੱਜ ਵੀ, ਸਭ ਮੱਝੀਆਂ ਦੇ ਪਾਲੀ ਖ਼ਾਤਰ।

ਵੰਨ ਸੁਵੰਨੀਆਂ ਫ਼ੌਜਾਂ ਹੁੰਦਿਆਂ, ਹੁਕਮਰਾਨ ਕਿਉਂ ਏਨਾ ਡਰਦੈ,
ਹੋਰ ਭਰਤੀਆਂ ਖੋਲ੍ਹੀ ਜਾਂਦੈ, ਅਪਣੀ ਸਾਂਭ-ਸੰਭਾਲੀ ਖ਼ਾਤਰ।

ਇਕ ਦਿਨ ਨੇਰ੍ਹ ਮਿਟਾਕੇ, ਕਿੱਦਾਂ ਰਾਮ ਭਗਤ ਬਣ ਜਾਵਾਂਗਾ ਮੈਂ,
ਚੌਂਕ ਚੁਰਸਤੇ ਦੀਵੇ ਬਾਲਾਂ, ਮੈਂ ਕਿਉਂ ਸਿਰਫ਼ ਦੀਵਾਲੀ ਖ਼ਾਤਰ।

ਪਹਿਲੇ ਕਿਹੜਾ ਬੈਠ ਰਹੇ ਨੇ, ਮੈਂ ਵੀ ਇਕ ਦਿਨ ਤੁਰ ਜਾਵਾਂਗਾ,
ਤਾਹੀਂਉਂ ਸ਼ਬਦ ਸਲਾਮਤ ਚਾਹੁੰਨਾਂ, ਰੂਹਾਂ ਦੀ ਖੁਸ਼ਹਾਲੀ ਖ਼ਾਤਰ।

ਕਿਉਂ ਪੈਰਾਂ ਵਿਚ, ਰੂਹ ਵਿਚ ਚੁਭਦੈਂ, ਅੱਗੇ ਤੁਰਨੋਂ ਰੋਕ ਰਿਹਾ ਏਂ,
ਉਸ ਕੰਡੇ ਤੋਂ ਸਿੱਖ ਜੋ ਜੀਂਦੈ, ਫੁੱਲਾਂ ਵਾਲੀ ਡਾਲੀ ਖ਼ਾਤਰ।

*

ਗੁਲਨਾਰ- 74