ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਰ ਵਸਤਰ ਦੇ ਹੇਠਾਂ ਕੱਜਿਆ, ਹਰ ਵਾਰੀ ਇਨਸਾਨ ਨਹੀਂ ਹੁੰਦਾ।
ਇਹ ਗੱਲ ਪੱਕੀ ਧਾਰ ਲਵੋ ਜੀ, ਮਿੱਟੀ ਦਾ ਭਗਵਾਨ ਨਹੀਂ ਹੁੰਦਾ।

ਕੋਰੇ ਸਫ਼ਿਆਂ ਉੱਪਰ ਲਿਖਿਆ, ਭਰਮ ਜਾਲ ਤਾਂ ਹੋ ਸਕਦਾ ਏ,
ਪਾਣੀ ਉੱਪਰ ਵਹਿ ਕੇ ਤਰਦੀ, ਝੰਗ ਦਾ ਕੋਈ ਈਮਾਨ ਨਹੀਂ ਹੁੰਦਾ।

ਦਾਨਵੀਰ ਨੂੰ ਕਿਹੜਾ ਆਖੇ, ਸੋਨ ਮੁਕਟ ਤਾਂ ਚਾੜ੍ਹੇਂ ਮੰਦਰ,
ਸਿਰ ਪੈਰੋਂ ਨੰਗਿਆਂ ਦੀ ਖ਼ਾਤਰ, ਤੈਥੋਂ ਕੁਝ ਕਿਉਂ ਦਾਨ ਨਹੀਂ ਹੁੰਦਾ।

ਜਿਹੜੀ ਧਰਤ ਕਿਤਾਬੋਂ ਸੱਖਣੀ, ਅੱਜ ਵੀ ਮੋਈ ਕੱਲ੍ਹ ਵੀ ਮੋਈ,
ਦਾਨਿਸ਼ ਦੀ ਦੌਲਤ ਤੋਂ ਸੱਖਣਾ, ਮੁਲਕ ਕਦੇ ਧਨਵਾਨ ਨਹੀਂ ਹੁੰਦਾ।

ਪਿਛਲੀ ਉਮਰੇ ਬਿਰਧ ਘਰਾਂ ਵਿਚ ਬੈਠੇ ਲੋਕ ਉਦਾਸ ਬੜੇ ਨੇ,
ਬੱਚਿਉ ਇਹ ਗੱਲ ਭੁੱਲ ਨਾ ਜਾਇਓ, ਬਿਰਖ਼ ਕਦੇ ਬੇਜਾਨ ਨਹੀਂ ਹੁੰਦਾ।

ਬਾਕੀ ਦਿਨ ਸਿਵਿਆਂ ਦੀ ਚੁੱਪ ਤੇ ਇੱਕੋ ਦਿਨ ਸਭ ਧੂਮ ਧੜੱਕੇ,
ਏਸ ਤਰ੍ਹਾਂ ਦੀ ਨਾਟਕ ਬਾਜ਼ੀ, ਪੁਰਖ਼ੇ ਦਾ ਸਨਮਾਨ ਨਹੀਂ ਹੁੰਦਾ।

ਅਪਣੇ ਅੰਦਰ ਬੈਠਾ ਯੋਧਾ, ਹਿੰਮਤ ਨਾਲ ਬਚਾ ਕੇ ਰੱਖਿਓ,
ਸਿੱਧੀ ਗਰਦਨ ਵਾਲਾ ਸੂਰਾ, ਰਾਜੇ ਦਾ ਦਰਬਾਨ ਨਹੀਂ ਹੁੰਦਾ।

*

ਗੁਲਨਾਰ- 75