ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਖਾਂ ਵਿੱਚ ਰੌਸ਼ਨੀ ਤੇ ਹੋਠਾਂ ਉੱਤੇ ਹਾਸੇ ਹੋਣ।
ਚਹਿਕਦੇ ਪਰਿੰਦੇ ਕਦੇ, ਚੁੱਪ ਨਾ ਉਦਾਸੇ ਹੋਣ।

ਵੇਦਨਾ ਸੰਵੇਦਨਾ ਨਾ ਦਿਲਾਂ ਵਿਚੋਂ ਮੋਏ ਕਦੇ,
ਦਿਲ ਦਿਲਗੀਰ ਦੇ ਲਈ, ਹੌਸਲੇ ਦਿਲਾਸੇ ਹੋਣ।

ਚੰਬਾ ਤੇ ਰਵੇਲ ਖੁਸ਼ਬੋਈ ਵੰਡੇ, ਸਾਰੇ ਘਰੀਂ,
ਨਿੱਕੇ ਵੱਡੇ, ਫੁੱਲ ਬੂਟੇ, ਕਦੇ ਨਾ ਪਿਆਸੇ ਹੋਣ।

ਨਿੱਤ ਨਵੇਂ ਸੂਰਜਾਂ ਦੇ ਨਾਲ ਨਾਲ ਆਸ ਜਗੇ,
ਸਾਰੇ ਕੱਚੇ ਵਿਹੜਿਆਂ 'ਚ, ਸੁਪਨੇ ਚੌਪਾਸੇ ਹੋਣ।

ਡੌਲਿਆਂ 'ਚ ਮੱਛੀਆਂ ਤੇ ਮੱਥੇ ਵਿਚ ਤੀਜੀ ਅੱਖ,
ਸੂਰਜਾਂ ਦੇ ਹਾਣੀ, ਧੀਆਂ ਪੁੱਤ ਨਾ ਨਿਰਾਸੇ ਹੋਣ।

ਚਾਵਾਂ ਅਤੇ ਖੁਸ਼ੀਆਂ ਤੇ ਡਾਕੇ ਜਿਹੜੇ ਮਾਰਦੇ ਨੇ,
ਲੱਗੇ ਜੋ ਗ੍ਰਹਿਣ ਵਾਂਗੂੰ, ਚੰਨ ਅੱਗੋਂ ਪਾਸੇ ਹੋਣ।

ਇੱਕ ਦੂਜੇ ਵਾਸਤੇ ਮੁਹੱਬਤਾਂ ਦੀ ਵੇਲ ਵਧੇ,
ਧੁੱਪਾਂ ਛਾਵਾਂ ਸਾਂਝੀਆਂ ਤੇ, ਗੂੜ੍ਹੇ ਭਰਵਾਸੇ ਹੋਣ।

*

ਗੁਲਨਾਰ- 76