ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਣਖ਼ ਦੀ ਖਾਤਰ ਸੀਸ ਦੀ ਕੀਮਤ ਬੜੀ ਨਹੀਂ।
ਲੱਗਦੈ ਤੂੰ ਤਾਰੀਖ਼ ਹੀ ਸਾਡੀ ਪੜ੍ਹੀ ਨਹੀਂ।

ਕੁਝ ਗਰਜ਼ਾਂ ਦੀ ਖਾਤਰ, ਵਿਕ ਜਾਂ ਸਸਤੇ ਭਾਅ,
ਏਨੀ ਘਟੀਆ ਜੰਗ ਕਦੇ ਮੈਂ ਲੜੀ ਨਹੀਂ।

ਬਚ ਕੇ ਰਹਿੰਦਾ ਹਾਂ, ਬੇਗਾਨੀ ਵਾਅ ਕੋਲੋਂ,
ਤਾਹੀਂਉਂ ਗੁੱਡੀ ਅੰਬਰ ਦੇ ਵਿਚ ਚੜ੍ਹੀ ਨਹੀਂ।

ਕਾਲਾ ਪਹਿਰ ਨਵੰਬਰ, ਦਿੱਲੀਏ ਤੱਕਿਐ ਤੂੰ,
ਕਿਹੜੀ ਥਾਂ ਸੀ ਜਿਥੇ ਮੱਚੀ ਮੜ੍ਹੀ ਨਹੀਂ।

ਸੂਈਆਂ ਨੂੰ ਕੋਈ ਅੱਗੇ ਪਿੱਛੇ ਕਰਦਾ ਏ,
ਸਾਡੇ ਗੁੱਟ ਤੇ ਤਾਹੀਂਉਂ ਬੱਧੀ ਘੜੀ ਨਹੀਂ।

ਚਹੁੰ ਕਦਮਾਂ ਤੇ ਫੇਰ ਉਦਾਸੀ ਘੇਰੇਗੀ,
ਆਸ ਦੀ ਕੰਨੀ ਘੁੱਟ ਕੇ ਜੇ ਤੂੰ ਫੜੀ ਨਹੀਂ।

ਮੇਰਾ ਬਾਪੂ ਇਸ ਤੋਂ ਉੱਚਾ ਲੰਮਾ ਸੀ,
ਤਾਹੀਂਉਂ ਮੈਂ ਤਸਵੀਰ ਫਰੇਮ 'ਚ ਜੜੀ ਨਹੀਂ।

*

ਗੁਲਨਾਰ- 77