ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੇਡ ਰਿਹਾਂ ਸ਼ਤਰੰਜ ਇਕੱਲਾ, ਫੇਰ ਉਦਾਸ ਨਹੀਂ।
ਦੋਸਤੀਆਂ ਵਿਚ ਚਾਲਾਂ ਚੱਲਣਾ, ਮੈਨੂੰ ਰਾਸ ਨਹੀਂ।

ਹੋਰ ਤਾਂ ਸਭ ਕੁਝ ਠੀਕ ਠਾਕ ਹੈ, ਸਾਹ ਵੀ ਚੱਲਦੇ ਨੇ,
ਸਿਰਫ਼ ਵਿਗੋਚਾ ਏਹੀ, ਜਿਹੜਾ ਖੁਸ਼ਬੂ ਪਾਸ ਨਹੀਂ।

ਮੈਂ ਤੇਰਾ ਸ਼ੁਭ ਚਿੰਤਕ ਤਾਂ ਹੋ ਸਕਦਾਂ, ਜੇ ਚਾਹੇਂ,
ਤੇਰੀ ਉੱਚੀ ਕੁਰਸੀ ਦਾ ਮੈਂ ਬਿਲਕੁਲ ਦਾਸ ਨਹੀਂ।

ਮੰਗਤੇ ਬਣ ਬਣ, ਮੰਗੀ ਜਾਈਏ, ਸ਼ਾਮ ਸਵੇਰ ਜਿਵੇਂ,
ਬਿਨ ਬੋਲੇ ਸਭ ਜਾਨਣਹਾਰ ਦੀ ਇਹ ਅਰਦਾਸ ਨਹੀਂ।

ਧਰਤੀ ਨੇ ਜੋ ਮਾਣ ਅਤੇ ਮਰਿਯਾਦਾ ਬਖਸ਼ੀ ਹੈ,
ਧੀ ਪੁੱਤਰਾਂ ਨੂੰ ਇਸ ਦਾ ਅੱਜਕੱਲ੍ਹ ਕਿਉਂ ਅਹਿਸਾਸ ਨਹੀਂ।

ਸੱਤ ਸਮੁੰਦਰ ਪਾਰ ਤੂੰ ਬੈਠੀ, ਆਪੇ ਫਾਥੜੀਏ,
ਆਪ ਸਹੇੜਿਆ ਜਾਲ ਮੱਕੜੀਏ, ਇਹ ਬਨਵਾਸ ਨਹੀਂ।

ਰੂਹ ਤੇ ਚਾਬਕ ਪੈਂਦੇ ਅੱਜ ਵੀ, ਵੇਖ ਤੂੰ ਰਾਤ ਦਿਨੇ,
ਜਿਸਮ ਬੇਸ਼ਰਮੀ ਮਿੱਟੀ ਜਿਸ ਤੇ, ਇੱਕ ਵੀ ਲਾਸ ਨਹੀਂ।

*

ਗੁਲਨਾਰ- 79