ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇੱਕ ਟਟਹਿਣਾ ਵੇਖ ਰਿਹਾ ਏ, ਦਿਨ ਦੇ ਚਿੱਟੇ ਚਾਨਣ ਅੰਦਰ।
ਜ਼ੁਲਮ ਵੇਖ ਕੇ ਚੁੱਪ ਬੈਠੇ ਨੇ, ਸਾਰੇ ਗੁਰ ਘਰ, ਮਸਜਿਦ ਮੰਦਰ।

ਤਾਜਦਾਰ ਦੀ ਬੋਲੀ ਬੋਲਣ ਅਰਦਲ ਦੇ ਵਿੱਚ ਬੈਠੇ ਸਾਰੇ,
ਅਜਬ ਰਾਗ ਦਰਬਾਰੀ ਗੂੰਜੇ, ਰਾਜ ਘਰਾਂ ਦੇ ਘੇਰੇ ਅੰਦਰ।

ਅੱਖਾਂ ਉੱਤੇ ਕਾਲੀ ਐਨਕ, ਜੀਭ ਨੂੰ ਤੰਦੂਆ, ਕੰਨੀ ਬੁੱਜੇ,
ਜਬਰ ਵੇਖ ਕੇ ਕਦ ਬੋਲਣਗੇ, ਗਾਂਧੀ ਤੇਰੇ ਪਾਲੇ ਬੰਦਰ।

ਕੂੜਾ ਸੌਦਾ ਵਰਕ ਲਗਾ ਕੇ, ਸ਼ਾਮ-ਸਵੇਰੇ ਜਾਣ ਪਰੋਸੀਂ,
ਤਾਰ, ਬੇਤਾਰ, ਸਣੇ ਅਖ਼ਬਾਰਾਂ, ਦਿੱਲੀ-ਦੱਖਣ ਸਣੇ ਜਲੰਧਰ।

ਬਾਬਰ ਵੇਖੇ, ਜਾਬਰ ਵੇਖੇ, ਅਬਦਾਲੀ ਤੇ ਨਾਦਰ ਵੇਖੇ,
ਇਸ ਧਰਤੀ ਤੇ ਪਾਪ ਦਾ ਲਾੜਾ ਹਰ ਵਾਰੀ ਹੀ ਹੋਰ ਸਿਕੰਦਰ।

ਰੋਜ਼ ਦਿਹਾੜੀ ਸੁਣ ਸੁਣ ਮਰੀਏ, ਬਾਬਾ ਜੀ, ਕੀਹ ਹੀਲਾ ਕਰੀਏ,
'ਸ਼ਬਦ' ਤੇਰੇ ਦੇ ਅਰਥ ਬਦਲ ਕੇ, ਵੇਚੀ ਜਾਂਦੇ ਨਾਥ ਮਛੰਦਰ।

ਮਨ ਤੋਂ ਭਾਰ ਉਤਾਰਨ ਖ਼ਤਰ, ਮੈਂ ਗ਼ਜ਼ਲਾਂ ਨੂੰ ਵੰਡ ਦਿੰਦਾ ਹਾਂ,
ਜਿੰਨਾ ਲਾਵਾ ਤਪਦਾ ਖਪਦਾ, ਰੋਜ਼ ਦਿਹਾੜੀ ਮੇਰੇ ਅੰਦਰ।

*

ਗੁਲਨਾਰ- 8