ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੰਗੀ ਅੱਖ ਨੂੰ ਦਿਸਦੇ ਇਹ ਜੋ ਟੁਕੜੇ ਵੰਗ ਦੇ ਨੇ।
ਇਹ ਤਾਂ ਖਿੱਲਰੇ ਵਰਕੇ, ਮੇਰੀ ਰੂਹ ਦੇ ਅੰਗ ਦੇ ਨੇ।

ਬੜਾ ਬਚਾਅ ਮੈਂ ਰੱਖਦਾਂ, ਖ਼ੁਦ ਨੂੰ ਅਸਲੀ ਨਾਗਾਂ ਤੋਂ,
ਰੱਸੀਆਂ ਦੇ ਸੱਪ ਰੂਹ ਨੂੰ, ਐਪਰ ਰਹਿੰਦੇ ਡੰਗਦੇ ਨੇ।

ਏਸ ਬੁਝਾਰਤ ਦਾ ਮੈਂ ਉੱਤਰ ਢੂੰਡ ਨਹੀਂ ਸਕਿਆ,
ਮੇਰੇ ਸੁਪਨੇ ਮੈਥੋਂ ਹੀ, ਕਿਉਂ, ਰਹਿੰਦੇ ਸੰਗਦੇ ਨੇ।

ਹੁਕਮਰਾਨ ਤੋਂ ਏਨੀ ਗੱਲ ਜੀ ਪੁੱਛ ਕੇ, ਦੱਸ ਦੇਣਾ,
ਮੇਰੇ ਲਾਏ ਬਿਰਖਾਂ ਤੇ ਕਿਉਂ ਮੈਨੂੰ ਟੰਗਦੇ ਨੇ।

ਸਰਹੱਦਾਂ ਤੇ ਖ਼ਤਰਾ, ਧੂੜਾਂ, ਸਾਇਰਨ ਗੂੰਜ ਰਹੇ,
ਬਦਨੀਤਾਂ ਨੇ ਫੇਰ ਤਿਆਰੇ, ਕੀਤੇ ਜੰਗ ਦੇ ਨੇ।

ਕੁਰਸੀ, ਕੁਰਸੀ, ਕੁਰਸੀ, ਅਸਲ ਨਿਸ਼ਾਨਾ ਤਾਕਤ ਹੈ,
ਵੱਖ ਵੱਖ ਝੰਡੇ ਭਾਵੇਂ, ਅੰਦਰੋਂ ਇੱਕੋ ਰੰਗ ਦੇ ਨੇ।

ਇਹਨਾਂ ਨੂੰ ਮਲਹਾਰ ਰਾਗ, ਜੀ ਫੇਰ ਸੁਣਾ ਲੈਣਾ,
ਇਸ ਵੇਲੇ ਤਾਂ ਬਿਰਖ਼ ਬਰੂਟੇ ਪਾਣੀ ਮੰਗਦੇ ਨੇ।

ਲਿੰਬਣ ਪੋਚਣ ਕਰਨਾ ਪੈਂਦੈ, ਪਿਆਰ ਮੁਹੱਬਤ ਦਾ,
ਰਿਸ਼ਤੇ ਕੱਚੇ ਘਰ ਦੇ ਵਾਂਗ ਤਵੱਜੋ ਮੰਗਦੇ ਨੇ।

*

ਗੁਲਨਾਰ- 80