ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਮਾਗਾਟਾ ਮਾਰੂ ਜ਼ਹਾਜ਼ ਦੇ ਖ਼ੂਨੀ ਦੁਖਾਂਤ ਨੂੰ ਚਿਤਵ ਕੇ

ਤੂੰ ਕਹਿੰਦਾ ਏ, ਇਹ ਆਜ਼ਾਦੀ, ਸੁਪਨੇ ਦੀ ਪਰਵਾਜ਼ ਨਹੀਂ ਸੀ।
ਮੈਂ ਕਹਿੰਦਾ ਹਾਂ, ਕਾਮਾਗਾਟਾ ਮਾਰੂ ਸਿਰਫ਼ ਜਹਾਜ਼ ਨਹੀਂ ਸੀ।

ਸੱਤ ਸਮੁੰਦਰ ਜਾਗ ਪਏ ਤੇ ਤਰਬਾਂ ਛਿੜੀਆਂ, ਦੱਸ ਤੂੰ ਕਿੱਸਰਾਂ,
ਜੇਕਰ ਸਾਡੇ ਬਾਬਿਆਂ ਪੱਲੇ, ਐਸਾ ਇੱਕ ਵੀ ਸਾਜ਼ ਨਹੀਂ ਸੀ।

ਧਰਤ ਪਰਾਈ, ਗੋਰੇ ਸ਼ਾਹੀ, ਖੇਡੀ ਖ਼ੂਨੀ ਲੁਕਣ-ਮਚਾਈ,
ਬੇਲਾ ਸਿੰਘ ਸੀ ਰਲ ਗਿਆ ਓਧਰ, ਉਸ ਨੂੰ ਦੁੱਧ ਦੀ ਲਾਜ ਨਹੀਂ ਸੀ।

ਸਿੱਧੇ ਸਾਦੇ ਗਦਰੀ ਬਾਬੇ, ਸੀਸ ਤਲੀ ਤੇ ਧਰਕੇ ਆ ਗਏ,
ਲੋਕ ਮਨਾਂ ਦੇ ਰਾਜੇ ਬਣ ਗਏ, ਭਾਵੇਂ ਸਿਰ ਤੇ ਤਾਜ ਨਹੀਂ ਸੀ।

ਵਤਨ ਦੀ ਖ਼ਾਤਰ ਗਦਰ ਮਚਾਈਏ, ਸਰਬੱਤ ਖ਼ਾਤਰ ਜੀਵੀਏ, ਮਰੀਏ,
ਇਸ ਤੋਂ ਪਹਿਲਾਂ ਏਸ ਤਰਜ਼ ਦੀ, ਉੱਠੀ ਕਦੇ ਆਵਾਜ਼ ਨਹੀਂ ਸੀ।

ਜਿਹੜੀ ਉਮਰੇ, ਮੁੱਛ ਫੁੱਟ ਗੱਭਰੂ, ਤੁਰਿਆ, ਤੁਰ ਕੇ ਦਾਰ 'ਤੇ ਪੁੱਜਾ,
ਤੂੰ ਕਿੰਜ ਕਹਿੰਨੈਂ, ਵੀਰ ਸਰਾਭਾ, ਉੱਡਣਾ ਪੁੱਡਣਾ ਬਾਜ਼ ਨਹੀਂ ਸੀ।

ਖੜਗ ਢਾਲ ਤੋਂ ਬਿਨਾ ਆਜ਼ਾਦੀ, ਆਈ ਜੋ ਤੂੰ ਕੂਕ ਰਿਹਾ ਏਂ,
ਚਰਖ਼ੇ ਨਾਲ ਲਿਆਇਆ, ਜਿਹੜੀ, ਬਾਪੂ ਵਾਲਾ ਦਾਜ ਨਹੀਂ ਸੀ।

*

ਗੁਲਨਾਰ- 81