ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧੁੱਪਾਂ ਤੋਂ ਵੱਧ ਛਾਵਾਂ ਤੋਂ ਡਰ ਲੱਗਦਾ ਹੈ।
ਮੈਨੂੰ ਆਪਣੇ ਚਾਵਾਂ ਤੋਂ ਡਰ ਲੱਗਦਾ ਹੈ।

ਆਪਣੇ ਸਿਰ ਤੋਂ ਉੱਚਾ ਜਦ ਤੋਂ ਹੋਇਆ ਹਾਂ,
ਤੇਜ਼ ਤਰਾਰ ਹਵਾਵਾਂ ਤੋਂ ਡਰ ਲੱਗਦਾ ਹੈ।

ਧਰਤੀ ਧਰਮ ਗਵਾਇਆ ਬਾਬਲ ਤਾਹੀਂਏ ਹੀ,
ਧੀਆਂ ਨੂੰ ਹੁਣ ਮਾਵਾਂ ਤੋਂ ਡਰ ਲੱਗਦਾ ਹੈ।

ਆਲ੍ਹਣਿਆਂ ਵਿਚ ਬੋਟ ਵਿਚਾਰੇ 'ਕੱਲ੍ਹੇ ਨੇ,
ਘੁੱਗੀਆਂ ਨੂੰ ਹੁਣ ਕਾਵਾਂ ਤੋਂ ਡਰ ਲੱਗਦਾ ਹੈ।

ਪਿੰਡੋਂ ਤੁਰ ਕੇ ਸ਼ਹਿਰੀਂ ਭਾਵੇਂ ਆ ਗਏ ਆਂ,
ਹੁਣ ਵੀ ਪੱਕੀਆਂ ਥਾਵਾਂ ਤੋਂ ਡਰ ਲੱਗਦਾ ਹੈ।

ਧਰਮ, ਕਰਮ, ਇਨਸਾਨ ਬਰਾਬਰ ਇੱਕੋ ਜਹੇ,
ਵੰਨ ਸੁਵੰਨੇ ਨਾਵਾਂ ਤੋਂ ਡਰ ਲੱਗਦਾ ਹੈ।

ਡਾਲਰ ਪੌਂਡ, ਰੁਪੱਈਏ ਨਾਲੋਂ ਡਾਢੇ ਨੇ,
ਚੜ੍ਹਦੇ ਲਹਿੰਦੇ ਭਾਵਾਂ ਤੋਂ ਡਰ ਲੱਗਦਾ ਹੈ।

*

ਗੁਲਨਾਰ- 83