ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੁਸ਼ਬੂ ਦਾ ਫੁੱਲ ਤੋਂ ਵਿੱਛੜਨਾ, ਕੀਹ ਕਹਿਰ ਕਰ ਗਿਆ।
ਖਿੜਿਆ ਗੁਲਾਬ, ਆਪਣੇ, ਸਾਏ ਤੋਂ ਡਰ ਗਿਆ।

ਸ਼ਬਦਾਂ ਨੂੰ ਇਮਤਿਹਾਨ ਵਿਚ ਪਾਇਆ ਸੀ ਵਕਤ ਨੇ,
ਸਿਦਕਾਂ ਦੀ ਪਰਖ਼ ਵਾਸਤੇ, ਤਵੀਆਂ ਤੇ ਧਰ ਗਿਆ।

ਹੰਝੂ ਦਾ ਅੱਖ 'ਚ ਠਹਿਰਨਾ, ਆਉਣਾ ਨਾ ਬਾਹਰ ਨੂੰ,
ਧੜਕਣ ਨੂੰ ਏਹੋ ਹਾਦਸਾ, ਪੱਥਰ ਹੈ ਕਰ ਗਿਆ।

ਆਇਆ ਤੂਫ਼ਾਨ, ਆਣ ਕੇ, ਰੁਕਿਆ ਨਾ ਅਟਕਿਆ,
ਬਸਤੀ ਦੇ ਘਰ ਉਜਾੜ ਕੇ, ਖੰਡਰ ਹੈ ਕਰ ਗਿਆ।

ਕਿੱਥੇ ਬਿਰਾਜਮਾਨ ਹੈਂ ਤੂੰ ਦਿਲ ਦੇ ਮਹਿਰਮਾ,
ਦੇ ਜਾ ਉਧਾਰ ਜ਼ਖ਼ਮ ਫਿਰ, ਪਹਿਲਾ ਤਾਂ ਭਰ ਗਿਆ।

ਗਰਜ਼ਾਂ ਦੇ ਡੂੰਘੇ ਸਾਗਰੀਂ, ਮੈਂ ਤੈਰਦਾ ਨਹੀਂ,
ਓਹੀ ਹੈ ਲਾਸ਼ ਬਣ ਗਿਆ, ਜਿਹੜਾ ਵੀ ਤਰ ਗਿਆ।

ਖਵਰੇ ਹਵਾ ਦੇ ਬੁੱਲ੍ਹੇ ਦੇ ਦਿਲ ਵਿਚ ਕੀ ਆ ਗਿਆ,
ਟਾਹਣੀ 'ਤੋਂ ਫੁੱਲ ਤੋੜ ਕੇ, ਸਿਵਿਆਂ 'ਚ ਧਰ ਗਿਆ।

*

ਗੁਲਨਾਰ- 87