ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੂੰ ਮੈਥੋਂ ਦੂਰ ਨਾ ਜਾਹ ਇਸ ਤਰ੍ਹਾਂ ਬੇ ਆਸਰਾ ਕਰਕੇ।
ਮੈਂ ਕਿੱਦਾਂ ਜੀ ਸਕਾਂਗਾ, ਰੂਹ ਨੂੰ ਖ਼ੁਦ ਤੋਂ ਜੁਦਾ ਕਰਕੇ।

ਮੈਂ ਤੇਰੀ ਦੋਸਤੀ ਤੋਂ ਜ਼ਿੰਦਗੀ ਬਲਿਹਾਰ ਜਾਂਦਾ ਹਾਂ,
ਮੈਂ ਜੇਕਰ ਤੁਰ ਰਿਹਾਂ ਅੱਜ ਤੀਕ ਤਾਂ, ਤੇਰੀ ਦੁਆ ਕਰਕੇ।

ਕਿਵੇਂ ਮਹਿਸੂਸ ਕਰਦਾ ਹੈ ਸਰੋਵਰ, ਪੁੱਛਣਾ ਚਾਹਾਂ,
ਜਦੋਂ ਇਸ਼ਨਾਨ ਕਰਦੇ ਲੋਕ, ਪਾਪਾਂ ਦੀ ਸਜ਼ਾ ਕਰਕੇ।

ਗੁਬਾਰਾ ਸ਼ਾਨ ਦਾ ਅੰਦਰੋਂ ਤੇ ਬਾਹਰੋਂ ਬਹੁਤ ਸੱਖਣਾ ਹੈ,
ਇਹ ਧਰਤੀ ਛੱਡ ਅੰਬਰ ਘੁੰਮਦਾ, ਫੋਕੀ ਹਵਾ ਕਰਕੇ।

ਅਜੰਤਾ ਤੇ ਅਲੋਰਾ ਵਿੱਚ ਜੇ ਅੱਜ ਬੋਲਦੇ ਪੱਥਰ,
ਇਨ੍ਹਾਂ ਨੂੰ ਜੀਭ ਲੱਗੀ, ਵੇਖ ਲਉ ਕੇਵਲ ਕਲਾ ਕਰਕੇ।

ਬੜਾ ਭੈ-ਭੀਤ ਕਰਦਾ ਹੈ ਹਨ੍ਹੇਰਾ, ਸੋਚ ਵਿਚ ਬੈਠਾ,
ਹੁਣੇ ਮੈਂ ਪਰਤਿਆ ਹਾਂ, ਓਸ ਨੂੰ ਮਨ 'ਚੋਂ ਵਿਦਾ ਕਰਕੇ।

ਕਿਸੇ ਵੀ ਧਰਮ ਨੂੰ, ਇਖ਼ਲਾਕ ਨੂੰ ਹੈ ਜ਼ਿੰਦਗੀ ਮਿਲਦੀ,
ਕਦੇ ਸੂਲੀ, ਤਵੀ, ਸਰਹੰਦ ਜਾਂ ਫਿਰ ਕਰਬਲਾ ਕਰਕੇ।

*

ਗੁਲਨਾਰ- 87