ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਿਸ਼ਤਿਆਂ ਵਿਚ ਗੁਲਕੰਦ ਘੋਲਦੀ ਮਾਂ ਬੋਲੀ।
ਦਿਲ ਦੇ ਗੁੱਝੇ ਭੇਤ ਖੋਲ੍ਹਦੀ ਮਾਂ ਬੋਲੀ।

ਦੂਰ ਦੇਸ ਪਰਦੇਸ ਗੁਆਚੇ ਬੱਚਿਆਂ ਨੂੰ,
ਫਿਰਦੀ ਦਿਨ ਤੇ ਰਾਤ ਟੋਲਦੀ ਮਾਂ ਬੋਲੀ।

ਲੋਰੀ ਤੋਂ ਵੈਣਾਂ ਤੱਕ ਇਹ ਹੀ ਨਿਭਦੀ ਹੈ,
ਲੰਘੇ ਖਹਿ ਕੇ ਰੂਹ ਕੋਲ ਦੀ ਮਾਂ ਬੋਲੀ।

ਨਾ ਥਿੜਕੇ ਨਾ ਥਿੜਕਣ ਦੇਵੇ ਪੁੱਤਰਾਂ ਨੂੰ,
ਜੋਤ ਅਲਾਹੀ ਨਹੀਂ ਡੋਲਦੀ ਮਾਂ ਬੋਲੀ।

ਪੰਜ ਦਰਿਆਵਾਂ ਇਸ ਨੂੰ ਲੋਰੀਆਂ ਦਿੱਤੀਆਂ ਨੇ,
ਗੀਤ ਅਗੰਮੀ ਰਹੇ ਬੋਲਦੀ ਮਾਂ ਬੋਲੀ।

ਧਰਤੀ ਦੀ ਮਰਿਆਦਾ ਸਾਂਭੇ, ਦਏ ਨਿਆਂ,
ਸਦਾ ਰਹੇ ਇਨਸਾਫ਼ ਦੀ ਮਾਂ ਬੋਲੀ।

ਕੁੱਲ ਦੁਨੀਆਂ ਦਾ ਦੁਖ ਸੁਖ ਸਾਂਭੇ ਬੁੱਕਲ 'ਚ,
ਧਰਮ ਭੈਣ ਹੈ, ਧਰਮ ਧੌਲ ਦੀ ਮਾਂ ਬੋਲੀ।

ਪਰਦੇਸਾਂ ਵਿਚ ਬਣੇ ਸਹਾਰਾ ਕੱਲ੍ਹਿਆਂ ਦਾ,
ਸਾਂਭੇ ਦਿਲ ਦੀ ਲਾਟ ਡੋਲਦੀ ਮਾਂ ਬੋਲੀ।

ਸਦੀਆਂ ਲੰਮੀ ਅਗਨ ਪ੍ਰੀਖਿਆ ਦੇ ਕੇ ਵੀ,
ਜੰਗਲਾਂ ਵਿਚੋਂ ਰਾਮ ਟੋਲਦੀ ਮਾਂ ਬੋਲੀ।

*

ਗੁਲਨਾਰ- 91