ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਸੀਬਤ ਪੈਣ ਤੇ ਹਰ ਆਦਮੀ ਕਿਸ ਨੂੰ ਬੁਲਾਉਂਦਾ ਹੈ।
ਤੁਸੀਂ ਇਹ ਆਪ ਦੱਸੋ, ਓਸ ਵੇਲੇ ਕੌਣ ਆਉਂਦਾ ਹੈ।

ਤੁਸੀਂ ਬੱਚੇ ਨੂੰ ਕੱਢ ਕੇ ਕੁਤਕੁਤਾਰੀ ਆਪ ਹੀ ਵੇਖੋ,
ਖ਼ੁਦਾ ਖ਼ੁਦ ਆਪ ਸਾਹਵੇਂ ਬੈਠ ਕੇ ਕਿੰਜ ਖਿੜਖਿੜਾਉਂਦਾ ਹੈ।

ਤੁਸੀਂ ਜ਼ਹਿਮਤ ਨੂੰ ਕੱਟਣ ਵਾਸਤੇ, ਰਹਿਮਤ ਜਦੋਂ ਮੰਗੋ,
ਹਮੇਸ਼ਾਂ ਆਦਮੀ ਦੇ ਰੂਪ ਵਿਚ, ਅੱਲ੍ਹਾ ਹੀ ਆਉਂਦਾ ਹੈ।

ਕੋਈ ਪ੍ਰਭਾਤ ਵੇਲੇ ਲੰਘਿਐ, ਪਰਭਾਤੀਆਂ ਗਾਉਂਦਾ,
ਇਵੇਂ ਲੱਗਾ ਜਿਵੇਂ ਰੱਬ ਆਪ ਹੀ ਕੋਈ ਸੁਰ ਅਲਾਉਂਦਾ ਹੈ।

ਕਿਸੇ ਵੀ ਬਿਰਖ਼ ਦੀ ਟੀਸੀ ਤੇ ਝੂਮੇ ਜਦ ਕਰੂੰਬਲ ਤਾਂ,
ਹਮੇਸ਼ਾਂ ਜਾਪਦੈ, ਰੱਬ ਵਜਦ ਅੰਦਰ ਗੀਤ ਗਾਉਂਦਾ ਹੈ।

ਜਦੋਂ ਫੁੱਲਾਂ 'ਚ ਰੰਗ ਭਰਦੈ, ਜਾਂ ਆਵੇ ਰਸ ਅਨਾਰਾਂ 'ਚ,
ਮੇਰਾ ਬਲਿਹਾਰੀਆ ਕੁਦਰਤ 'ਚ ਸਿੱਧਾ ਆਪ ਆਉਂਦਾ ਹੈ।

ਜਦੋਂ ਝੂਮਣ ਸ਼ਰੀਂਹ ਦੇ ਛਣਕਣੇ ਜਾਂ ਸਣ ਦੀਆਂ ਫ਼ਲੀਆਂ,
ਤਾਂ ਜਾਪੇ ਖ਼ੁਦ ਖ਼ੁਦਾ ਹੀ ਰੂਹ ਦੀਆਂ ਤਰਬਾਂ ਹਿਲਾਉਂਦਾ ਹੈ।

ਤੁਸੀਂ ਅਹਿਸਾਸ ਤੋਂ ਬਿਨ ਤਰੇਲ ਮੋਤੀ ਵੇਖ ਨਹੀਂ ਸਕਦੇ,
ਕਿਵੇਂ ਅਸਮਾਨ ਰਾਤੀਂ, ਤਰਲ ਹੋ ਧਰਤੀ ਤੇ ਆਉਂਦਾ ਹੈ।

*

ਗੁਲਨਾਰ- 93