ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇ ਕਿਰਤੀ ਦਾ ਅੱਜ ਤੱਕ ਬਣਿਆ ਧਰਤੀ ਤੇ ਸਤਿਕਾਰ ਨਹੀਂ ਹੈ।
ਹਰ ਮੁਟਿਆਰ ਦੇ ਖ੍ਵਾਬ 'ਚ ਤਾਹੀਉਂ, ਕਾਮਾ ਰਾਜਕੁਮਾਰ ਨਹੀਂ ਹੈ।

ਹਰ ਮਾਂ ਹੁੰਦੀ ਵੱਡੀ ਬੁੱਕਲ, ਪੁੱਤਰ, ਧੀਆਂ, ਟੱਬਰ ਸਾਂਭੇ,
ਇਸ ਧਰਤੀ ਦੇ ਉੱਤੇ ਫਿਰ ਕਿਉਂ, ਮਮਤਾ ਦਾ ਸਤਿਕਾਰ ਨਹੀਂ ਹੈ।

ਕੱਲ੍ਹ ਦੀ ਗੱਲ ਹੈ, ਏਸ ਜਵਾਨੀ ਦਰਿਆ ਡੱਕੇ, ਪਰਬਤ ਚੀਰੇ,
ਅੱਜ ਵੀ ਸਭ ਕੁਝ ਕਰ ਸਕਦੀ ਹੈ, ਏਨੀ ਵੀ ਲਾਚਾਰ ਨਹੀਂ ਹੈ।

ਲੈਨਿਨ ਬਾਬੇ ਠੀਕ ਕਿਹਾ ਸੀ, ਜੋ ਕੁਝ ਸੁਣਦੇ ਧੀਆਂ ਪੁੱਤਰ,
ਓਹੀ ਦੱਸਦਾ ਦੇਸ਼ ਦਾ ਚਿਹਰਾ, ਰੋਗੀ ਜਾਂ ਬੀਮਾਰ ਨਹੀਂ ਹੈ।

ਇਸ ਨੂੰ ਵਰਤਣ ਵਾਲਿਉ ਸੋਚੋ, ਅਗਨ, ਲਗਨ ਤੇ ਵੇਗ ਜਵਾਨੀ,
ਸ਼ਕਤੀ ਹੈ ਇਹ ਆਦਿ-ਜੁਗਾਦੀ, ਇਹ ਮਾਰੂ ਹਥਿਆਰ ਨਹੀਂ ਹੈ।

ਚੌਂਕ ਚੁਰਸਤੇ ਮੱਲ ਕੇ ਬੈਠੇ, ਪੇਸ਼ਾਵਰ ਇਹ ਮੰਗਣਹਾਰੇ,
ਇਹਨਾਂ ਤਾਈਂ ਦਾਨ-ਦਖਸ਼ਣਾ ਦੇਣਾ ਤਾਂ ਉਪਕਾਰ ਨਹੀਂ ਹੈ।

ਹਰ ਕੁਰਸੀ ਦੀ ਰਾਖੀ ਬੈਠੇ, ਦਿਨ ਤੇ ਰਾਤ ਵਰਦੀਆਂ ਵਾਲੇ,
ਹੱਕ ਸੱਚ ਇਨਸਾਫ਼ ਦਾ ਰਾਖਾ, ਇੱਕ ਵੀ ਪਹਿਰੇਦਾਰ ਨਹੀਂ ਹੈ।

*

ਗੁਲਨਾਰ- 94