ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਣਿਆ ਕਰ ਤੂੰ, ਅੰਬਰ ਵਿਚ ਜੋ ਤਾਰੇ ਗੱਲਾਂ ਕਰਦੇ ਨੇ।
ਵੇਖ ਕਿਵੇਂ, ਜਿਉਂ ਵਖ਼ਤਾਂ ਮਾਰੇ, ਸਾਰੇ ਗੱਲਾਂ ਕਰਦੇ ਨੇ।

ਅੱਖੀਆਂ ਦੇ ਵਿੱਚ ਅੱਥਰੂ ਡਲ੍ਹਕਣ, ਠੰਡੀਆਂ ਆਹਾਂ ਭਰਨ ਪਏ,
ਰਾਤ ਦੇ ਕੰਨ ਵਿੱਚ ਸੁਣ ਲੈ ਕੀਹ ਦੁਖਿਆਰੇ ਗੱਲਾਂ ਕਰਦੇ ਨੇ।

ਸੁਣੋ ਸਿਆਸਤਦਾਨਾਂ ਨੂੰ ਤਾਂ ਇੰਜ ਕਿਉਂ ਲੱਗਦਾ ਰਹਿੰਦਾ ਏ,
ਗਿਰਗਿਟ ਵਰਗੇ ਬੰਦੇ ਬੇਇਤਬਾਰੇ ਗੱਲਾਂ ਕਰਦੇ ਨੇ।

ਸਿਦਕ ਸਬੂਰੀ ਵਾਲਿਆਂ ਤਾਈਂ, ਚੀਰ ਚੀਰ ਕੇ ਹਾਰ ਗਏ,
ਮੈਂ ਸੁਣਿਆ ਹੈ, ਜ਼ਾਲਮ ਦੇ ਘਰ ਆਰੇ ਗੱਲਾਂ ਕਰਦੇ ਨੇ।

ਬੈਠ ਰਹੋ ਤਾਂ ਚਾਰ ਚੁਫ਼ੇਰੇ, ਚੁੱਪ ਦਾ ਪਹਿਰਾ ਰਹਿੰਦਾ ਹੈ,
ਤੁਰ ਪਉ ਤਾਂ ਫਿਰ ਅੰਨ੍ਹੇ ਬੋਲੇ ਸਾਰੇ ਗੱਲਾਂ ਕਰਦੇ ਨੇ।

ਕਹੀਆਂ ਤੇ ਅਣਕਹੀਆਂ ਰਲ ਕੇ, ਦਰਦ ਸਮੁੰਦਰ ਭਰ ਚੱਲਿਆ,
ਪਲਕਾਂ ਡੱਕੇ ਹਾਉਕੇ ਹੰਝੂ, ਖ਼ਾਰੇ ਗੱਲਾਂ ਕਰਦੇ ਨੇ।

ਸਾਡੇ ਪੁੱਤਰ ਕਿੱਥੇ ਤੁਰ ਗਏ, ਸੁਣਿਐਂ ਸ਼ਹਿਰੀਂ ਰਹਿੰਦੇ ਨੇ,
ਸਾਡੇ ਪਿੰਡ ਦੇ ਕੱਚੇ ਕੋਠੇ, ਢਾਰੇ ਗੱਲਾਂ ਕਰਦੇ ਨੇ।

*

ਗੁਲਨਾਰ- 98