ਸਮੱਗਰੀ 'ਤੇ ਜਾਓ

ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਡੇਜ਼ੀ: ਫ਼ਾਇਦਾ ਕੀ ਇਸਦਾ ?
ਬੇਰੰਜਰ: ਬਸ ਥੋੜ੍ਹੀ ਜਿਹੀ ਹਿੰਮਤ... ਤੇ ਅਸੀਂ ਕਰ ਸਕਾਂਗੇ।
ਡੇਜ਼ੀ: ਮੈਂ ਬੱਚੇ ਨਹੀਂ ਚਾਹੁੰਦੀ, ਬੋਰਿੰਗ ਕੰਮ ਹੈ ਇਹ।
ਬੇਰੰਜਰ: ਜੇ ਤੂੰ ਸਾਥ ਨਹੀਂ ਦੇਵੇਗੀ ਤਾਂ ਕਿਵੇਂ ਇਸ ਸੰਸਾਰ ਨੂੰ ਬਚਾਵਾਂਗੇ ?
ਡੇਜ਼ੀ: ਕੀ ਲੋੜ ਕੀ ਹੈ ਬਚਾਉਣ ਦੀ ?
ਬੇਰੰਜਰ: ਇਹ ਕੀ ਕਹਿ ਰਹੀ ਏਂ ! ਮੇਰੀ ਖ਼ਾਤਰ ਡੇਜ਼ੀ! ਆ! ਦੁਨੀਆਂ ਨੂੰ ਬਚਾ ਲਈਏ ...
ਡੇਜ਼ੀ: ਸ਼ਾਇਦ ਇਹ.. ਅਸੀਂ ਓ ਹਾਂ .. ਜਿਨ੍ਹਾਂ ਨੂੰ ਬਚਾਏ ਜਾਣ ਦੀ ਲੋੜ ਹੈ। ਸ਼ਾਇਦ ਅਸੀਂ ਓ ਕੁਝ ਅਜੀਬ ਹਾਂ।
ਬੇਰੰਜਰ: ਤੂੰ ਆਪਣੇ ਆਪ 'ਚ ਨਹੀਂ, ਡੇਜ਼ੀ.., ਲਾਗ ਲੱਗ ਗਈ ਏ ਤੈਨੂੰ।
ਡੇਜ਼ੀ: ਸਾਡੇ ਵਰਗੇ ਹੁਣ ਕਿਤੇ ਕੋਈ ਨਹੀਂ ਬਚੇ, ਬਚੇ ਕਿਤੇ ?
ਬੇਰੰਜਰ: ਡੇਜ਼ੀ, ਇਸ ਤਰ੍ਹਾਂ ਗੱਲ ਨਾ ਕਰ, ਤੈਥੋਂ ਉਮੀਦ ਨਹੀਂ ...!
(ਡੇਜ਼ੀ ਦੀਵਾਰ ਉੱਪਰਲੇ ਗੈਂਡਿਆਂ ਦੇ ਸਿਰਾਂ ਨੂੰ ਦੇਖਦੀ ਹੈ, ਹਰ ਪਾਸੇ ਉਹੀ ਨੇ, ਪੌੜੀਆਂ 'ਚ, ਹੁਣ ਫੁੱਟ-ਲਾਈਟਸ ਦੇ ਨਾਲ ਨਾਲ ਵੀ ਉਹੋ ਦਿਖਣ ਲੱਗੇ ਹਨ।)
ਡੇਜ਼ੀ: ਅਸਲ ਲੋਕ ਤਾਂ ਉਹੀ ਨੇ। ਕਿੰਨੇ ਖੁਸ਼ ਲੱਗਦੇ! ਉਹ ਜੋ ਹਨ ਉਸੇ `ਚ ਖ਼ੁਸ਼ ਹਨ। ਪਾਗਲ ਨਹੀਂ ਲੱਗਦੇ, ਬਿਲਕੁਲ ਨਹੀਂ। ਸਭਾਵਿਕ ਨੇ ਬਿਲਕੁਲ। ਉਹ ਸਹੀ ਸਨ.. ਜੋ ਉਨ੍ਹਾਂ ਕੀਤਾ... ਬਿਲਕੁਲ ਠੀਕ।
ਬੇਰੰਜਰ: (ਹੱਥ ਮਲਦੇ ਹੋਏ ਤੇ ਘੋਰ ਨਿਰਾਸ਼ਾ 'ਚ ਡੇਜ਼ੀ ਵੱਲ ਦੇਖਦੇ ਹੋਏ) ਅਸੀਂ ਹਾਂ ਜੋ ਸਹੀ ਰਾਹ ਤੇ ਹਾਂ, ਡੇਜ਼ੀ, ਇਹ ਬਿਲਕੁਲ ਪੱਕਾ ਹੈ।
ਡੇਜ਼ੀ: ਇਹ ਬਸ ਘਮੰਡ ਹੈ ਤੇਰਾ ... !
ਬੇਰੰਜਰ: ਤੈਨੂੰ ਪਤਾ ਹੈ ਕਿ ਮੈਂ ਸਹੀ ਹਾਂ।
ਡੇਜ਼ੀ: ਸੌ ਫ਼ੀਸਦੀ ਸਹੀ ਵਰਗਾ ਕੁਝ ਨਹੀਂ ਹੁੰਦਾ। ਸੰਸਾਰ ਹੈ ਜੋ ਸਹੀ ਹੈ, ਤੂੰ ਤੇ ਮੈਂ ਨਹੀਂ।
ਬੇਰੰਜਰ: ਮੈਂ ਸਹੀ ਹਾਂ, ਡੇਜ਼ੀ ਤੇ ਇਸਦਾ ਸਬੂਤ ਇਹ ਹੈ ਕਿ ਜਦ ਮੈਂ ਕੁਝ ਕਹਿੰਦਾ ਤਾਂ ਤੂੰ ਸਮਝਦੀ ਹੈ ਉਸਨੂੰ।
ਡੇਜ਼ੀ: ਇਸ ਤੋਂ ਕੀ ਸਾਬਤ ਹੁੰਦੇ ?
ਬੇਰੰਜਰ: ਸਬੂਤ ਇਹ ਹੈ ਕਿ ਮੈਂ ਤੈਨੂੰ ਇੰਨਾ ਪਿਆਰ ਕਰਦਾਂ ਜਿੰਨਾ ਕੋਈ ਆਦਮੀ ਕਿਸੇ ਔਰਤ ਨੂੰ ਕਰ ਸਕਦੈ।
ਡੇਜ਼ੀ: ਕੀ ਹਾਸੋਹੀਣਾ ਤਰਕ ਹੈ।
ਬੇਰੰਜਰ: ਇਹ ਤੂੰ ਕੀ ਕਹਿ ਰਹੀ ਏਂ, ਡੇਜ਼ੀ, ਮਾਈ ਡਾਰਲਿੰਗ, ਮੈਂ ਪਿਆਰ ਦੀ ਗੱਲ ਕਰ ਰਿਹਾਂ, ਆਪਣੇ ਪਿਆਰ ਦੀ; ਮੈਨੂੰ ਤੇਰੀ ਸਮਝ ਨਹੀਂ ਆ ਰਹੀ, ਤੈਨੂੰ ਨੀ ਪਤਾ ਤੂੰ ਕੀ ਕਹਿ ਰਹੀ ਏਂ। ਜ਼ਰਾ ਸੋਚ ਸਾਡਾ

119