ਸਮੱਗਰੀ 'ਤੇ ਜਾਓ

ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਘਰੇਲੂ ਔਰਤ : ਸ਼ੁਕਰੀਆ, ਬਹੁਤ ਮਿਹਰਬਾਨੀ! ਹੈਟ ਪਾ ਲਓ ਤੁਸੀਂ। ਹੈਂ..., ਜਾਨ ਈ ਕੱਢ ਦਿੱਤੀ ਸੀ ਮੇਰੀ!
ਤਰਕ-ਸ਼ਾਸਤਰੀ: ਡਰ ਬੜੀ ਤਰਕ-ਵਿਹੂਣੀ ਚੀਜ਼ ਹੈ।ਇਸਨੂੰ ਹਮੇਸ਼ਾ ਤਰਕ ਦੇ ਹੇਠਾਂ ਰੱਖਣਾ ਚਾਹੀਦਾ ਹੈ।
ਵੇਟਰ: ਦਿਖਣੋਂ ਤਾਂ ਹੱਟ ਗਿਐ।
ਬਜ਼ੁਰਗ: (ਘਰੇਲੂ ਔਰਤ ਨੂੰ ਤਰਕ-ਸ਼ਾਸਤਰੀ ਵੱਲ ਇਸ਼ਾਰਾ ਕਰਕੇ) ਮੇਰੇ ਮਿੱਤਰ ਤਰਕ-ਸ਼ਾਸਤਰੀ ਨੇ।
ਜੇਨ: (ਬੇਰੰਜਰ ਨੂੰ) ਤੈਨੂੰ .. ਕੀ ਲੱਗਦਾ ...ਕੀ ਸੀ ਉਹ ?
ਵੇਟਰ: ਇਹ ਜਾਨਵਰ ਕਿਤੇ ਵੀ ਵੜ ਸਕਦੇ !
ਘਰੇਲੂ ਔਰਤ : (ਤਰਕ-ਸ਼ਾਸਤਰੀ ਨੂੰ) ਹੈਲੋਂ... ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ !
ਮਾਲਕਣ: (ਦੁਕਾਨਦਾਰ ਨੂੰ) ਹੁਣ ਪਤਾ ਚੱਲੂ ਇਹਨੂੰ ਕਿਸੇ ਹੋਰ ਕੋਲੋਂ ਸਮਾਨ ਲੈਣ ਦਾ ਮਤਲਬ ਕੀ ਏ!
ਜੇਨ: (ਕੈਫ਼ੇ-ਵਾਲੇ ਤੇ ਵੋਟਰ ਨੂੰ) ਤੁਹਾਨੂੰ ਕੀ ਲਗਦੈ ਕੀ ਸੀ ਉਹ ?
ਘਰੇਲੂ ਔਰਤ : ਬਿੱਲੀ ਨੂੰ ਮੈਂ ਫੇਰ ਵੀ ਹੱਥੋਂ ਨਿਕਲਣ ਨੀ ਦਿੱਤਾ।
ਕੈਫ਼ੇ-ਵਾਲਾ: ਖਿੜਕੀ ਤੋਂ ਈ, ਮੋਢੇ ਝਟਕਦਾ ਹੋਇਆ) ਪਹਿਲਾਂ ਤਾਂ ਕਦੇ ਦੇਖਿਆ ਨੀ ਏਥੇ!
ਘਰੇਲੂ ਔਰਤ : (ਤਰਕ-ਸ਼ਾਸਤਰੀ ਅਤੇ ਬਜ਼ੁਰਗ ਆਦਮੀ ਨੂੰ ਜਿਹੜੇ ਸਮਾਨ ਇਕੱਠਾ ਕਰਨ 'ਚ ਉਸਦੀ ਮਦਦ ਕਰ ਰਹੇ ਹਨ।) ਇੱਕ ਮਿੰਟ ਜ਼ਰਾ ਇਹਨੂੰ ਫੜੋਂਗੇ!
ਵੇਟਰ: (ਜੇਨ ਨੂੰ) ਪਹਿਲੀ ਵਾਰੀ ਦੇਖਿਆ ਮੈਂ ਤੇ!
ਤਰਕ-ਸ਼ਾਸਤਰੀ: (ਉਸਦੀ ਬਿੱਲੀ ਫੜਦੇ ਹੋਏ) ਖ਼ਤਰਨਾਕ ਤਾਂ ਨਹੀਂ ਲੱਗਦੀ... ਹੂੰ ... ?
ਕੈਫ਼ੇ-ਵਾਲਾ : ਹਨੇਰੀ ਓ ਸੀ.. ਬਸ !
ਘਰੇਲੂ-ਔਰਤ : ਇਹਨੇ ਤਾਂ ਕਦੇ ਮੱਖੀ ਨੂੰ ਮੂੰਹ ਨੀ ਮਾਰਿਆ। (ਸਾਰਿਆਂ ਵੱਲ) ਮੇਰੀ ਵਾਈਨ ਦੀ... ਬੋਤਲ ?
ਦੁਕਾਨਦਾਰ : (ਘਰੇਲੂ ਔਰਤ ਨੂੰ) ਮੇਰੇ ਕੋਲ ਬਹੁਤ ਨੇ।
ਜੇਨ: (ਬੇਰੰਜਰ ਨੂੰ) ਅੱਛਾ, ਤੇਰਾ ਕੀ ਖ਼ਿਆਲ ਹੈ ਉਹਦੇ ਬਾਰੇ।
ਦੁਕਾਨਦਾਰ: (ਘਰੇਲੂ-ਔਰਤ ਨੂੰ) ਤੇ ਬਹੁਤ ਵਧੀਆ ਮਾਰਕੇ ਦੀਆਂ ਵੀ!
ਕੈਫ਼ੇ-ਵਾਲਾ: (ਵੇਟਰ ਨੂੰ) ਖੜ੍ਹਾ ਖੜ੍ਹਾ ਮੂੰਹ ਕੀ ਦੇਖਦਾਂ! (ਜੇਨ ਤੇ ਬੇਰੰਜਰ ਵੱਲ ਇਸ਼ਾਰਾ ਕਰਕੇ) ਜਾ ਕੇ ਪੁੱਛ ਉਨ੍ਹਾਂ ਨੂੰ ਕੀ ਚਾਹੁੰਦੇ ਨੇ! (ਜਾਂਦਾ ਹੈ)
ਬੇਰੰਜਰ: (ਜੇਨ ਨੂੰ) ਕਾਹਦੀ ਗੱਲ ਕਰ ਰਿਹਾ ਏਂ ਤੂੰ ?
ਮਾਲਕਣ: (ਦੁਕਾਨਦਾਰ ਨੂੰ) ਜਾਹ ਨਾ, ਜਾ ਕੇ ਨਵੀਂ ਬੋਤਲ ਲਿਆ ਕੇ ਦੇ ਉਹਨੂੰ !
ਜੇਨ: (ਬੇਰੰਜਰ ਨੂੰ) ਗੈਂਡੇ ਦੀ, ਹੋਰ ਕੀਹਦੀ! ਮੇਰਾ ਮਤਲਬ ਤੈਨੂੰ ਕੀ ਲਗਦਾ...?

16