ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
| ਬਾਹਰ ਕਿਤੇ ਕਿਸੇ ਦਲਦਲੀ ਜ਼ਮੀਨ 'ਚ ਲੁਕਿਆ ਹੋਣੈ... ਉਦੋਂ ਦਾ ? |
| ਜੇਨ: | ਦਲਦਲੀ ਜ਼ਮੀਨ ! ...ਸ਼ਹਿਰ ਦੇ ਆਲੇ-ਦੁਆਲੇ... ਦਲਦਲੀ ਜ਼ਮੀਨ ! ਜਨਾਬ ਨੂੰ ਹਾਲੇ ਤਾਈਂ ਉੱਤਰੀ ਨਹੀਂ, ਕੋਹਰਾ ਜੰਮ ਗਿਆ ਤੇਰੇ ਦਿਮਾਗ਼ 'ਤੇ। |
| ਬੇਰੰਜਰ: | (ਭੋਲੇਪਨ 'ਚ) ਹਾਂ, ਉਹ ਤਾਂ ਹੈ, ਢਿੱਡ 'ਚੋਂ ਮਰੋੜ ਉਠ ਰਹੇ |
| ਜੇਨ: | ਉਹ ਤੇਰੇ ਦਿਮਾਗ਼ 'ਤੇ ਜੰਮੀ ਐ ਧੁੰਦ ! ਕਿੱਥੇ ਦੇਖੀ.. ਤੂੰ ਦਲਦਲ.... ਆਲੇ-ਦੁਆਲੇ ? ਸਾਡੇ ਸ਼ਹਿਰ ਦੇ ਪਛਾਣ ‘ਛੋਟੇ ਪਠਾਰ' ਵਰਗੀ ਹੈ, ਕਿਉਂ ਜੋ ਸਾਡੀ ਜ਼ਮੀਨ ਖੁਸ਼ਕ ਹੈ ਤੇ ਖੰਗਰ। |
| ਬੇਰੰਜਰ: | (ਆਫ਼ਰਿਆ ਤੇ ਥੱਕਿਆ ਜਿਹਾ ਮਹਿਸੂਸ ਕਰਦਾ) ਮੈਂਨੂੰ ਫੇਰ ਕੀ ਪਤਾ ? ਹੋ ਸਕਦਾ ਹੈ ਕਿਸੇ ਪੱਥਰ ਥੱਲੇ ਲੁਕਿਆ ਹੋਵੇ ? ਭਾਵੇਂ ਕਿਸੇ ਕੰਬਖਤ ਟਹਿਣੀ 'ਤੇ ਘੋਂਸਲਾ ਪਾਈ ਬੈਠਾ ਹੋਵੇ ? |
| ਜੇਨ: | ਜੇ ਤੈਨੂੰ ਲਗਦੈ ਕਿ ਤੂੰ ਬੜਾ ਮਜ਼ਾਕੀਆ ਬਣ ਰਿਹੈਂ ਤਾਂ ਵਹਿਮ ਐ ਤੇਰਾ ! ਤੂੰ ਬਸ ਬੋਰ ਹੋ ਗਿਆ ਜਿਹੜਾ ਯਬਲੀਆਂ ਮਾਰ ਰਿਹੈਂ ... ਬੇ ਸਿਰ-ਪੈਰ ਦੀਆਂ। ਕੋਈ ਸੰਜੀਦਾ ਗੱਲ ਤਾਂ ਤੂੰ ਕਰ ਹੀ ਨਹੀਂ ਸਕਦਾ! |
| ਬੇਰੰਜਰ: | ਹਾਂ..., ਅੱਜ ਤਾਂ (ਸਿਰ ਫੜ ਲੈਂਦਾ ਹੈ), ਹਮੇਸ਼ਾ ਇੰਝ ਥੋੜ੍ਹੀ (ਸਿਰ ਮਾਰਦਾ ਹੈ।) |
| ਜੇਨ: | ਕੋਈ ਫ਼ਰਕ ਨਹੀਂ, ਅੱਜ-ਭਲਕ ਸਭ ਇੱਕੋਂ! |
| ਬੇਰੰਜਰ: | ਓ ਨਹੀਂ, ਅੱਜ ਜਿੰਨਾ ਤਾਂ ਕਦੇ ਨਹੀਂ। |
| ਜੇਨ: | ਜਿਹੜੇ ਤੂੰ ਵਿਅੰਗ ਮਾਰਨ ਦੀ ਕੋਸ਼ਿਸ਼ ਕਰ ਰਿਹੈਂ ਨਾ...ਕੋਈ ਬਹੁਤ ਵਧੀਆ ਪ੍ਰਭਾਵ ਨੀ ਪਾਉਂਦੇ। |
| ਬੇਰੰਜਰ: | ਮੈਂ ਕਦੋਂ ਕੋਸ਼ਿਸ਼ ਕਰ ਰਿਹਾਂ? |
| ਜੇਨ: | (ਟੋਕ ਕੇ) ਮੈਂ ਉੱਕਾ ਈ ਬਰਦਾਸ਼ਤ ਨਹੀਂ ਕਰ ਸਕਦਾ ਕਿ ਕੋਈ ਮੇਰਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕਰੇ। |
| ਬੇਰੰਜਰ: | ਪਰ ਯਾਰ (ਦਿਲ 'ਤੇ ਹੱਥ ਰੱਖ ਕੇ) ਮੈਂ ਕਦੇ ਕਰ ਈ ਨਹੀਂ ਸਕਦਾ। |
| ਜੇਨ: | (ਪੂਰੀ ਸ਼ਿੱਦਤ ਨਾਲ) ਨਹੀਂ; ਮੇਰੇ ਪਿਆਰੇ ਜੀਓ... ਤੁਸੀਂ ਇਹੋ ਕਰ ਰਹੇ ਹੋ। |
| ਬੇਰੰਜਰ: | ਹਰਗਿਜ਼ ਨਹੀਂ, ਮੈਂ ਇਹ ਸੋਚ ਵੀ ਨਹੀਂ ਸਕਦਾ। |
| ਜੇਨ: | ਤੁਸੀਂ ਕੀਤਾ,, ਹੁਣੇ ਕੀਤਾ। |
| ਬੇਰੰਜਰ: | ਕਿਵੇਂ ਤੁਸੀਂ ਇਹ ਸੋਚ ਸਕਦੇ ਹੋ ਕਿ ... |
| ਜੇਨ: | ਮੈਂ ਸੋਚ ਸਕਦਾਂ, ਕਿਉਂਕਿ ਇੰਝ ਹੀ ਹੈ! |
| ਬੇਰੰਜਰ: | ਮੈਂ ਸੌਂਹ ਖਾ ਕੇ ਕਹਿੰਦਾਂ। |
| ਜੇਨ: | (ਟੋਕ ਕੇ) ਫੇਰ... ਫੇਰ ਮਜ਼ਾਕ ਉੜਾ ਰਿਹੈਂ ਤੂੰ ਮੇਰਾ! |
| ਬੇਰੰਜਰ: | ਕਦੇ ਕਦੇ ਨਾ ਤੂੰ ਐਵੇਂ ... ਜਿੱਦ ਫੜ ਕੇ ਬਹਿ ਜਾਨਾਂ। |
20